ਲੁਧਿਆਣਾ, 2 ਮਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਰਾਜ ਸਹਾਇਤਾ ਪ੍ਰਾਪਤ ਟੀਚਰ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਸ੍ਰੀ ਗੁਰੂ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਹੋਈ | ਇਸ 'ਚ ਸਰਬ ਸੰਮਤੀ ਨਾਲ ਗੁਰਮੀਤ ਸਿੰਘ ਮਦਨੀਪੁਰ ਨੂੰ ਸੂਬਾ ਪ੍ਰਧਾਨ ਅਤੇ ਸ਼ਰਨਜੀਤ ਸਿੰਘ ਨੂੰ ਸਕੱਤਰ ਚੁਣਿਆ ਗਿਆ | ਇਨ੍ਹਾਂ ਦੋਵਾਂ ਆਗੂਆਂ ਦਾ ਜਥੇਬੰਦੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਤੋਂ ਪਹਿਲਾਂ ਗੁਰਮੀਤ ਸਿੰਘ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ | ਇਸ ਤੋਂ ਇਲਾਵਾ ਕੁਝ ਹੋਰ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ | ਇਸ ਮੌਕੇ ਮੀਟਿੰਗ 'ਚ ਜਥੇਬੰਦੀ ਦੇ ਮੈਂਬਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਵੀਂ ਬਣੀ ਟੀਮ ਨੂੰ ਇਹਨਾਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ | ਪ੍ਰਧਾਨ ਅਤੇ ਸਕੱਤਰ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਸੀਨੀਅਰ ਮੈਂਬਰ ਅਸ਼ੋਕ ਵਡੇਰਾ, ਮੋਨਿਕਾ ਸ਼ਰਮਾ, ਹਰਮਿੰਦਰ ਪਾਲ ਸਿੰਘ, ਅਜੇ ਚੌਹਾਨ, ਪ੍ਰਵੀਨ ਕੁਮਾਰ, ਮੈਡਮ ਹਰਮਿੰਦਰ ਕੌਰ, ਬਿਪਨ ਕੁਮਾਰ ਆਦਿ ਹਾਜ਼ਰ ਸਨ |