ਲੁਧਿਆਣਾ, 2 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾਘਰ ਚੌਕ ਨੇੜੇ ਹਰਿਆਣਾ ਪੁਲਿਸ ਦੀ ਹਿਰਾਸਤ 'ਚੋਂ ਇਕ ਮੁਲਜ਼ਮ ਦੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਹਰਿਆਣਾ ਪੁਲਿਸ ਦੇ ਮੁਲਾਜ਼ਮ ਥਾਣੇਦਾਰ ਵਿਕਾਸ ਦੀ ਸ਼ਿਕਾਇਤ 'ਤੇ ਅਰਜੁਨ ਕੁਮਾਰ ਵਾਸੀ ਰਿਵਾੜੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਉਕਤ ਕਥਿਤ ਦੋਸ਼ੀ ਨੂੰ ਲੁਧਿਆਣਾ 'ਚ ਮੋਬਾਈਲਾਂ ਦੀ ਬਰਾਮਦਗੀ ਦੇ ਸਿਲਸਿਲੇ 'ਚ ਲੈ ਕੇ ਆਇਆ ਸੀ, ਜਦੋਂ ਉਹ ਘੰਟਾਘਰ ਚੌਕ ਨੇੜੇ ਢਾਬੇ 'ਤੇ ਰੋਟੀ ਖਾਣ ਲੱਗੇ ਤਾਂ ਕਥਿਤ ਦੋਸ਼ੀ ਨੇ ਪਿਸ਼ਾਬ ਕਰਨ ਦਾ ਬਹਾਨਾ ਲਗਾਇਆ, ਜਿਸ ਨੂੰ ਕਿ ਸਿਪਾਹੀ ਰਮਨਦੀਪ ਪਿਸ਼ਾਬ ਕਰਾਉਣ ਲਈ ਬਾਥਰੂਮ ਵਿਚ ਲੈ ਗਿਆ, ਜਦੋਂ ਕਥਿਤ ਦੋਸ਼ੀ ਉੱਥੇ ਪਹੁੰਚਿਆ ਤਾਂ ਉਹ ਸਿਪਾਹੀ ਰਮਨਦੀਪ ਨੂੰ ਧੱਕਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਰਜੁਨ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਅਰਜੁਨ ਕੁਮਾਰ ਦਾ ਪਤਾ ਨਹੀਂ ਲੱਗਾ ਸੀ |