ਗੁਰੂਸਰ ਸੁਧਾਰ/ਹਲਵਾਰਾ, 3 ਮਈ (ਬਲਵਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ ਉੱਭੀ)-ਕੈਨੇਡਾ ਦੇ ਓਟਾਂਰੀਓ ਸੂਬੇ ਦੇ ਬੈਰੀ ਇਲਾਕੇ 'ਚ ਸਥਿਤ ਇਕ ਪਾਰਕ ਦੇ ਅੰਦਰੋਂ ਕਰੀਬ 10 ਦਿਨ ਪਹਿਲਾਂ ਸ਼ੱਕੀ ਹਾਲਤ 'ਚ ਮਿ੍ਤਕ ਪਾਈ ਗਈ ਹਵਾਈ ਸੈਨਾ ਕੇਂਦਰ ਹਲਵਾਰਾ ਦੇ ਗਾਰਡਰੂਮ ਨਾਲ ਲੱਗਦੇ ਪਿੰਡ ਅਕਾਲਗੜ੍ਹ ਦੀ ਵਸਨੀਕ 24 ਸਾਲਾ ਨੌਜਵਾਨ ਲੜਕੀ ਅਨਮੋਲਦੀਪ ਕੌਰ ਦੀ ਮਿ੍ਤਕ ਦੇਹ ਦਾ ਅੱਜ ਕੈਨੇਡਾ ਤੋਂ ਇਥੇ ਪੁੱਜਣ 'ਤੇ ਬਹੁਤ ਗ਼ਮਗੀਨ ਮਾਹੌਲ 'ਚ ਅਕਾਲਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਸਾਬਕਾ ਸੂਬੇਦਾਰ ਪਰਮਿੰਦਰ ਸਿੰਘ ਦੀ ਬੇਟੀ ਅਨਮੋਲਦੀਪ ਕੌਰ 2021 ਵਿਚ ਕੈਨੇਡਾ ਗਈ ਸੀ ਜੋ ਮੌਜੂਦਾ ਸਮੇਂ ਉਥੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਸੀ ਤੇ ਉਸ ਨੇ ਕੈਨੇਡਾ ਦੀ ਪੀ. ਆਰ. ਫਾਈਲ ਅਪਲਾਈ ਕੀਤੀ ਹੋਈ ਸੀ | ਜ਼ਿਕਰਯੋਗ ਹੈ ਕਿ ਕੈਨੇਡਾ ਪੁਲਿਸ ਨੂੰ ਅਨਮੋਲਦੀਪ ਕੌਰ ਦੀ ਮਿ੍ਤਕ ਦੇਹ ਪਾਰਕ ਦੇ ਇਕ ਬੈਂਚ ਤੋਂ ਭੇਦ-ਭਰੇ ਹਾਲਤ 'ਚ ਮਿਲੀ ਸੀ ਤੇ ਕੈਨੇਡੀਅਨ ਪੁਲਿਸ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੋਈ ਹੈ | ਜੱਦੀ ਪਿੰਡ ਮਾਣੂੰਕੇ ਤੇ ਹਾਲ ਵਾਸੀ ਅਕਾਲਗੜ੍ਹ ਸੇਵਾਮੁਕਤ ਸੂਬੇਦਾਰ ਪਰਮਿੰਦਰ ਸਿੰਘ ਦਾ ਬੇਟਾ ਦਿਲਪ੍ਰੀਤ ਸਿੰਘ ਅਮਰੀਕਾ ਵਿਚ ਹੈ, ਜਦਕਿ ਬੇਟੀ ਅਨਮੋਲਦੀਪ ਕੌਰ ਨੂੰ ਸੁਨਿਹਰੀ ਭਵਿੱਖ ਲਈ ਕੈਨੇਡਾ ਭੇਜਿਆ ਸੀ | ਪਿੰਡ ਅਕਾਲਗੜ੍ਹ ਵਿਖੇ ਉਸ ਦੀ ਮਿ੍ਤਕ ਦੇਹ ਪੁੱਜਣ 'ਤੇ ਸਮੁੱਚੇ ਪਿੰਡ 'ਚ ਸੋਗ ਦੇਖਣ ਨੂੰ ਮਿਲਿਆ | ਸੈਂਕੜਿਆਂ ਦੀ ਗਿਣਤੀ 'ਚ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਮਿ੍ਤਕ ਅਨਮੋਲਦੀਪ ਕੌਰ ਦੀ ਅੰਤਿਮ ਯਾਤਰਾ ਵਿਚ ਹਾਜ਼ਰੀ ਭਰੀ | ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਦੌਰਾਨ ਮਿ੍ਤਕ ਅਨਮੋਲਦੀਪ ਕੌਰ ਦੀ ਚਿਖਾ ਨੂੰ ਅਗਨੀ ਪਿਤਾ ਸੂਬੇਦਾਰ ਪਰਮਿੰਦਰ ਸਿੰਘ ਵਲੋਂ ਦਿੱਤੀ ਗਈ | ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦਿਆਂ ਅਖਿਲ ਭਾਰਤੀ ਸੋਨੀਆ ਬਿ੍ਗੇਡ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ, ਕੈਪਟਨ ਲਾਲ ਸਿੰਘ, ਸਤਨਾਮ ਸਿੰਘ, ਸੰਮਤੀ ਮੈਂਬਰ ਜਗਦੇਵ ਸਿੰਘ ਜੱਗਾ, ਸਰਪੰਚ ਸਵਰਨਜੀਤ ਕੌਰ, ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਜਥੇਦਾਰ ਪੰਚ ਅਵਤਾਰ ਸਿੰਘ ਆਦਿ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਪਿਤਾ ਸੂਬੇਦਾਰ ਪਰਮਿੰਦਰ ਸਿੰਘ ਤੇ ਸਮੂਹ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਗੱਲ ਆਖੀ |