ਲੁਧਿਆਣਾ, 4 ਮਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਰਾਜ ਪੱਧਰੀ ਤਕਨੀਕੀ ਕਮੇਟੀ, ਪੰਜਾਬ ਦੁਆਰਾ ਪੰਜਾਬ ਰਾਜ ਵਿਚ ਹਾੜੀ ਅਤੇ ਸਾਉਣੀ ਦੀਆ ਫ਼ਸਲਾਂ, ਪਸ਼ੂ ਪਾਲਣ, ਮੱਛੀ ਪਾਲਣ, ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ ਅਤੇ ਹੋਰ ਵੱਖ-ਵੱਖ ਫ਼ਸਲਾਂ ਦੇ ਥੋੜ੍ਹੀ ਮਿਆਦ ਦੇ ਖੇਤੀਬਾੜੀ ਕਰਜ਼ਿਆਂ ਤਹਿਤ ਨਿਰਧਾਰਿਤ ਸਕੇਲ ਆਫ਼ ਫਾਈਨਾਂਸ ਨੂੰ ਅਗਲੀ ਲੋੜੀਂਦੀ ਕਾਰਵਾਈ ਹਿਤ ਭੇਜੇ ਗਏ ਹਨ | ਇਸ ਤੋਂ ਇਲਾਵਾ ਦੀ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ. ਚੰਡੀਗੜ੍ਹ ਨੂੰ ਇਹ ਵੀ ਲਿਖਿਆ ਹੈ ਕਿ ਨਿਰਧਾਰਿਤ ਹੋਏ ਸਕੇਲ ਆਫ਼ ਫਾਈਨਾਂਸ ਨੂੰ ਨਾਬਾਰਡ ਦੇ ਪੋਰਟਲ 'ਤੇ ਅੱਪਡੇਟ ਕਰਵਾਇਆ ਜਾਵੇ | ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਇਨ ਬਿਨ ਪਾਲਣਾ ਕਰਨ ਲਈ ਕਿਹਾ ਹੈ | ਇਸ ਦੇ ਸੰਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵਫ਼ਦ ਵੀਰਵਾਰ ਨੂੰ ਸੰਬੰਧਿਤ ਮਹਿਕਮੇ ਦੇ ਰਜਿਸਟਰਾਰ ਨੂੰ ਚੰਡੀਗੜ੍ਹ ਵਿਖੇ ਮਿਲੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਹਿਕਾਰੀ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈ | ਉਹ ਆਪਣਾ ਨਿੱਜੀ ਦਖਲ ਦੇ ਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਾਉਣ | ਪ੍ਰਧਾਨ ਲੱਖੋਵਾਲ ਨੇ ਕਿਹਾ ਹੈ ਕਿ ਇਸ ਮੁਲਾਕਾਤ ਦੌਰਾਨ ਜੇ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੀਆਂ ਮੀਟਿੰਗਾਂ ਕਰਕੇ ਇਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ |