ਲੁਧਿਆਣਾ, 5 ਮਈ (ਭੁਪਿੰਦਰ ਸਿੰਘ ਬੈਂਸ)-ਮਾਡਲ ਟਾਊਨ ਐਕਸਟੈਨਸ਼ਨ ਏ. ਵਿਚ ਨਗਰ ਨਿਗਮ ਵਲੋਂ ਚੱਲ ਰਹੇ ਸੀਵਰੇਜ ਪਾਈਪ ਪਾਉਣ ਦੇ ਕੰਮ ਨੇ ਇਲਾਕੇ ਦੇ ਵਸਨੀਕਾਂ ਦੀ ਜ਼ਿੰਦਗੀ ਨੂੰ ਦੁਖਦਾਈ ਬਣਾ ਦਿੱਤਾ ਹੈ | ਨਿਗਮ ਦੀ ਲਾਪਰਵਾਹੀ ਕਾਰਨ ਗਲੀਆਂ ਖੱਡਾਂ 'ਚ ਤਬਦੀਲ ਹੋ ਚੁੱਕੀਆਂ ਹਨ | ਸਥਾਨਕ ਨਿਵਾਸੀ ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਨਿਗਮ ਵਲੋਂ ਉਨ੍ਹਾਂ ਦੀ ਗਲੀ ਵਿਚ ਸੀਵਰੇਜ ਪਾਉਣ ਲਈ ਸੜਕ ਨੰੂ ਪੂਰੀ ਤਰ੍ਹਾਂ ਪੱੁਟ ਦਿੱਤਾ ਗਿਆ ਹੈ, ਪਰ ਕੰਮ ਨੂੰ ਸਮੇਂ 'ਤੇ ਪੂਰਾ ਨਹੀਂ ਕੀਤਾ ਗਿਆ | ਇਸ ਕਾਰਨ ਪੁੱਟੀ ਹੋਈ ਸੜਕ 'ਚ ਗੰਦਾ ਪਾਣੀ ਭਰ ਗਿਆ ਹੈ, ਜੋ ਘਰਾਂ ਦੀਆਂ ਨੀਂਹਾਂ ਲਈ ਖ਼ਤਰਾ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਗਲੀ ਦੀ ਇਸ ਹਾਲਤ ਕਾਰਨ ਲੋਕ ਆਪਣੀ ਵਾਹਨ ਘਰਾਂ ਤੋ ਬਾਹਰ ਨਹੀਂ ਕੱਢ ਸਕਦੇ ਹਨ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਕਈ ਥਾਵਾਂ 'ਤੇ ਸੜਕ ਧਸਣ ਵੀ ਲੱਗ ਪਈ ਹੈ, ਜਿਸ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਨੇ ਪਹਿਲਾ ਪੁੱਟੀ ਗਈ, ਉਨ੍ਹਾਂ ਦੀ ਨਾਲ ਦੀ ਸੜਕ ਦਾ ਕੰਮ ਮੁਕੰਮਲ ਨਹੀਂ ਕੀਤਾ ਤੇ ਹੁਣ ਹੋਰ ਹਿੱਸਿਆ ਵਿਚ ਵੀ ਸੜਕਾਂ ਦੀ ਪੁੱਟ ਦਿੱਤੀਆਂ ਹਨ, ਜਿਸ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ | ਇਲਾਕੇ ਦੇ ਲੋਕਾਂ ਵਿਚ ਨਗਰ ਨਿਗਮ ਖ਼ਿਲਾਫ਼ ਭਾਰੀ ਰੋਸ ਹੈ | ਵਸਨੀਕਾਂ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਲਦੀ ਕੰਮ ਪੂਰਾ ਨਾ ਕੀਤਾ ਗਿਆ ਅਤੇ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਉਹ ਨਿਗਮ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |