ਲੁਧਿਆਣਾ, 5 ਮਈ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਅੰਗਦ ਸਿੰਘ ਮੈਮੋਰੀਅਲ 11ਵੇਂ ਸੀ.ਆਈ.ਸੀ.ਯੂ. ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ 2025 ਦਾ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ ਸੀਸੂ ਕੰਪਲੈਕਸ ਫੋਕਲ ਪੁਆਇੰਟ ਵਿਖੇ ਕਰਵਾਇਆ ਗਿਆ | ਫਾਈਨਲ ਮੁਕਾਬਲੇ 'ਚ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 99 ਦੌੜਾਂ ਬਣਾਈਆਂ, ਜਵਾਬ ਵਿਚ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ 15.3 ਓਵਰਾਂ ਵਿਚ 102 ਦੌੜਾਂ ਬਣਾਈਆਂ, ਜਦੋਂ ਕਿ ਸਿਰਫ਼ 2 ਵਿਕਟਾਂ ਗੁਆਈਆਂ ਅਤੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ | ਉਦਯੋਗ ਅਤੇ ਵਣਜ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਇਸ ਟੂਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਵਲੋਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਅਤੇ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ | ਰਿੱਕੀ ਸ਼ਰਮਾ (ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ) ਨੂੰ ਸਰਬੋਤਮ ਗੇਂਦਬਾਜ਼ ਐਲਾਨਿਆ ਗਿਆ ਅਤੇ ਰੌਬਿਨ (ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ) ਨੂੰ ਪਾਰੀ ਲਈ ਸਰਬੋਤਮ ਬੱਲੇਬਾਜ਼ ਵਜੋਂ ਸਨਮਾਨਿਤ ਕੀਤਾ ਗਿਆ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਮੁੱਖ ਮਹਿਮਾਨ, ਸਪਾਂਸਰਾਂ, ਭਾਗ ਲੈਣ ਵਾਲੀਆਂ ਟੀਮਾਂ ਅਤੇ ਕਿ੍ਕਟ ਪ੍ਰੇਮੀਆਂ ਦਾ ਨਿੱਘਾ ਸਵਾਗਤ ਕੀਤਾ | ਹਨੀ ਸੇਠੀ ਨੇ ਟੂਰਨਾਮੈਂਟ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਟੀਮ ਪ੍ਰਬੰਧਕਾਂ, ਖਿਡਾਰੀਆਂ ਅਤੇ ਸਪਾਂਸਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ |