ਲੁਧਿਆਣਾ, 12 ਮਈ (ਡਾ. ਤਰਲੋਚਨ ਸਿੰਘ)-ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਮ.ਟੀ.ਪੀ. ਕਿੱਟਾਂ ਦੀ ਗੈਰਕਾਨੂੰਨੀ ਖਰੀਦੋ-ਫਰੋਖ਼ਤ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡਰੱਗਜ਼ ਕੰਟਰੋਲ ਵਿਭਾਗ ਵਲੋਂ ਜਾਂਚ ਹੋਰ ਤੇਜ਼ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਨਵਦੀਪ ਸੰਧੂ, ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵਲੋਂ ਦੋ ਫਰਮਾਂ ਦੀ ਜਾਂਚ ਕੀਤੀ ਗਈ | ਹੈਬੋਵਾਲ ਕਲਾਂ ਦੇ ਰਘੁਬੀਰ ਪਾਰਕ ਇਲਾਕੇ 'ਚ ਸਥਿਤ ਇਕ ਮੈਡੀਕਲ ਸਟੋਰ 'ਤੇ ਵਿਭਾਗ ਵਲੋਂ ਫਰਜ਼ੀ ਗਾਹਕ ਭੇਜ ਕੇ ਜਾਂਚ ਕੀਤੀ ਗਈ | ਕਾਰਵਾਈ ਦੌਰਾਨ ਫਰਮ ਵਲੋਂ ਬਿਨਾਂ ਡਾਕਟਰ ਦੀ ਸਲਾਹ ਤੋਂ ਅਤੇ ਬਿਨਾਂ ਵਿੱਕਰੀ ਬਿੱਲ ਜਾਰੀ ਕੀਤੇ ਐਮ.ਟੀ.ਪੀ. ਕਿੱਟ ਵੇਚੀ ਗਈ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਹੈ | ਇਸ ਸਬੰਧੀ ਤੱਥ ਮੌਕੇ 'ਤੇ ਤਿਆਰ ਕੀਤੀ ਜਾਂਚ ਰਿਪੋਰਟ ਵਿਚ ਦਰਜ ਕੀਤੇ ਗਏ | ਇਸ ਤੋਂ ਇਲਾਵਾ ਜਾਂਚ ਦੌਰਾਨ ਫਰਮ ਵਲੋਂ ਸਟਾਕ ਵਿਚ ਮੌਜੂਦ ਐਮ.ਟੀ.ਪੀ. ਕਿੱਟ ਦਾ ਖਰੀਦ ਰਿਕਾਰਡ ਵੀ ਪੇਸ਼ ਨਹੀਂ ਕੀਤਾ ਗਿਆ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਧੀਨ ਲਾਜ਼ਮੀ ਹੈ | ਡਰੱਗਜ਼ ਕੰਟਰੋਲ ਅਫ਼ਸਰ ਲੁਧਿਆਣਾ-3 ਨਵਦੀਪ ਸੰਧੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ |