ਡਾਬਾ/ਲੁਹਾਰਾ, 16 ਮਈ (ਕੁਲਵੰਤ ਸਿੰਘ ਸੱਪਲ)- ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਸੇਵਾ ਕਨਾਡਾ ਦੇ ਸਹਿਯੋਗ ਨਾਲ ਪ੍ਰੋਜੈਕਟ ਰੌਸ਼ਨੀ ਅਧੀਨ ਅਰਬਨ ਹੈਲਥ ਸੈਂਟਰ ਸ਼ਿਮਲਾਪੁਰੀ ਵਿਚ ਇਕ ਵਿਜ਼ਨ ਸੈਂਟਰ ਦੀ ਸ਼ੁਰੂਆਤ ਕੀਤੀ | ਇਸ ਪ੍ਰੋਜੈਕਟ ਦਾ ਮਕਸਦ ਸ਼ਿਮਲਾਪੁਰੀ ਖੇਤਰ ਵਿਚ ਬੱਚਿਆਂ ਅਤੇ ਸਮੁਦਾਇ ਲਈ ਅੱਖਾਂ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ | ਇਸ ਸੈਂਟਰ ਦਾ ਉਦਘਾਟਨ ਸ਼੍ਰੀ ਬਿਪਿਨ ਗੁਪਤਾ, ਸਕੱਤਰ ਡੀਐਮਸੀਐਚ ਮੈਨੇਜਿੰਗ ਸੋਸਾਇਟੀ ਨੇ ਕੀਤਾ | ਇਸ ਮੌਕੇ ਸ਼੍ਰੀ ਮੁਕੇਸ਼ ਵਰਮਾ ਖਜਾਨਚੀ, ਡੀਐਮਸੀਐਚ ਮੈਨੇਜਿੰਗ ਸੋਸਾਇਟੀ ਡਾ. ਅਸ਼ੀਮਾ ਤਨੇਜਾ, ਐਡੀਸ਼ਨਲ ਮੈਡੀਕਲ ਸੁਪਰਿੰਟੈਂਡੈਂਟ; ਡਾ. ਗੁਰਵਿੰਦਰ ਕੌਰ, ਪ੍ਰੋਫੈਸਰ ਅਤੇ ਮੁਖੀ, ਨੇਤਰ ਰੋਗ ਵਿਭਾਗ; ਡਾ. ਅਨੁਰਾਗ ਚੌਧਰੀ, ਪ੍ਰੋਫੈਸਰ ਅਤੇ ਮੁਖੀ, ਕਮਿਊਨਿਟੀ ਮੈਡੀਸਿਨ ਵਿਭਾਗ; ਡਾ. ਪਿ੍ਯੰਕਾ ਅਰੋੜਾ, ਪ੍ਰੋਫੈਸਰ, ਨੇਤਰ ਰੋਗ ਵਿਭਾਗ; ਡਾ. ਉਮੰਗ ਮਾਥੁਰ, ਸੀਈਓ, ਸ਼ਰੌਫ਼ ਹਸਪਤਾਲ, ਦਿੱਲੀ ਅਤੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਬਿਪਿਨ ਗੁਪਤਾ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਜ਼ਨ ਸੈਂਟਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਵਧੀਆ ਅੱਖਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਏਗਾ | ਡਾ. ਜੀ.ਐਸ. ਵਾਂਡਰ ਨੇ ਇਸ ਪ੍ਰੋਜੈਕਟ ਦੀ ਸਰਾਹਨਾ ਕਰਦਿਆਂ ਕਿਹਾ, ''ਡੀਐਮਸੀਐਚ ਹਮੇਸ਼ਾਂ ਹਸਪਤਾਲ ਦੀਆਂ ਕੰਧਾਂ ਤੋਂ ਬਾਹਰ ਨਿਕਲ ਕੇ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਵਿਚ ਵਿਸ਼ਵਾਸ਼ ਰੱਖਦਾ ਹੈ | ਇਸ ਮੌਕੇ ਡਾ. ਪਿ੍ਯੰਕਾ ਅਰੋੜਾ, ਪ੍ਰੋਫੈਸਰ, ਨੇਤਰ ਰੋਗ ਵਿਭਾਗ ਅਤੇ ਪ੍ਰੋਜੈਕਟ ਲੀਡ ਨੇ ਦੱਸਿਆ ਕਿ ਇਹ ਵਿਜ਼ਨ ਸੈਂਟਰ ਸਮੁਦਾਇ ਨੂੰ ਅੱਖਾਂ ਦੀ ਪੂਰੀ ਜਾਂਚ, ਐਨਕਾਂ ਅਤੇ ਸਰਜਰੀ ਸੇਵਾਵਾਂ ਪ੍ਰਦਾਨ ਕਰੇਗਾ | ਉਨ੍ਹਾਂ ਕਿਹਾ ''ਪ੍ਰੋਜੈਕਟ ਰੋਸ਼ਨੀ ਰਾਹੀਂ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਬੱਚੇ ਅਤੇ ਵੱਡੇ ਨੂੰ ਨਜ਼ਰ ਦੀ ਸੌਗਾਤ ਮਿਲੇ, ਭਾਵੇਂ ਉਹ ਕਿਸੇ ਵੀ ਇਲਾਕੇ ਜਾਂ ਆਰਥਿਕ ਹਾਲਤ ਨਾਲ ਸੰਬੰਧਿਤ ਹੋਣ | ਡਾ. ਅਨੁਰਾਗ ਚੌਧਰੀ ਨੇ ਕਿਹਾ ਕਿ ਕਮਿਊਨਿਟੀ ਮੈਡੀਸਨ ਅਤੇ ਨੇਤਰ ਰੋਗ ਵਿਭਾਗਾਂ ਦੀ ਸਾਂਝ ਇਸ ਪ੍ਰੋਜੈਕਟ ਨੂੰ ਸਮੁਦਾਇ ਅਧਾਰਿਤ ਇਕਿ੍ਤ ਸਿਹਤ ਸੇਵਾਵਾਂ ਦਾ ਵਧੀਆ ਮਾਡਲ ਬਣਾਉਂਦੀ ਹੈ | ਰੌਸ਼ਨੀ ਵਿਜ਼ਨ ਸੈਂਟਰ ਦੀ ਸ਼ੁਰੂਆਤ ਡੀਐਮਸੀਐਚ ਦੇ ਉਸ ਯਤਨ ਵਿਚ ਇਕ ਨਵਾਂ ਕਦਮ ਹੈ, ਜਿਸ ਦਾ ਉਦੇਸ਼ ਰੋਕੀ ਜਾ ਸਕਣ ਵਾਲੀ ਅੰਨ੍ਹੇਪਣ ਨੂੰ ਖਤਮ ਕਰਨਾ ਅਤੇ ਸਮਾਜ ਵਿਚ ਰੌਸ਼ਨੀ, ਨਜ਼ਰ ਅਤੇ ਆਸ ਲਿਆਉਣਾ ਹੈ |