ਲੁਧਿਆਣਾ, 20 ਮਈ (ਜਸਵਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ 2 ਘੰੰਟੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ | ਬੱਸ ਸਟੈਂਡ 'ਤੇ ਡਿਪੂ ਪ੍ਰਧਾਨ ਜਤਿੰਦਰ ਸਿੰਘ ਸੋਨੀ ਅਤੇ ਸੂਬਾ ਆਗੂ ਗੁਰਬਾਜ ਸਿੰਘ ਨੇ ਕਿਹਾ ਕਿ ਸਰਕਾਰ ਯੂਨੀਅਨ ਦੇ ਵਰਕਰ ਅਤੇ ਆਗੂ ਨੂੰ ਜੇਲ੍ਹਾਂ 'ਚ ਬੰਦ ਕਰਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਵਿਭਾਗ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧਾਇਆ ਜਾ ਰਿਹਾ ਹੈ | ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋ ਨਾਜਾਇਜ਼ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ | ਲੋਕਤੰਤਰ ਦਾ ਘਾਣ ਕਰਕੇ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ | ਸੂਬਾ ਸਕੱਤਰ ਸ਼ਮਸ਼ੇਰ ਸਿੰਘ, ਡਿਪੂ ਪ੍ਰਧਾਨ ਦਲਜੀਤ ਸਿੰਘ ਡਿਪੂ ਸਕੱਤਰ ਪ੍ਰਵੀਨ ਕੁਮਾਰ ਨੇ ਬੋਲਦਿਆਂ ਕਿਹਾ ਕਿ ਸਰਕਾਰ ਨਾਲ ਜੋ ਮਸਲਿਆਂ ਉਪਰ ਸਹਿਮਤੀ ਬਣੀ ਹੈ ਜੇਕਰ ਉਨ੍ਹਾਂ ਦਾ ਪੁਖਤਾ ਹੱਲ ਨਾ ਕੀਤਾ ਅਤੇ ਜੇਲ੍ਹ 'ਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਤਾਂ 25, 26, 27 ਮਈ ਨੂੰ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ 'ਤੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ | ਰੋਸ ਪ੍ਰਦਰਸ਼ਨ ਦੌਰਾਨ ਗੁਰਪ੍ਰੀਤ ਸਿੰਘ ਬੜੈਚ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਬੱਬੂ, ਸੋਨੂੰ, ਗੁਰਵਿੰਦਰ ਸਿੰਘ, ਸੱਤਗੂਰ ਸਿੰਘ, ਗੁਰਕੀਰਤ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਸੰਦੀਪ ਸਿੰਘ, ਹੈਪੀ ਸਮੇਤ ਆਦਿ ਆਗੂ ਅਤੇ ਵਰਕਰ ਹਾਜ਼ਰ ਹੋਏ |