ਲੁਧਿਆਣਾ, 20 ਮਈ (ਡਾ. ਤਰਲੋਚਨ ਸਿੰਘ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਬੁੱਧਵਾਰ ਨੂੰ ਸਥਾਨਕ ਪਿੰਡੀ ਗਲੀ ਸਮੇਤ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜੀ.ਐਸ.ਚਾਵਲਾ ਨੇ ਐਸੋਸੀਏਸ਼ਨ ਦੀਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਦਵਾਈ ਕੰਪਨੀਆਂ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਅਤੇ ਸਥਾਨਕ ਦਵਾਈਆਂ ਦੀਆਂ ਦੁਕਾਨਾਂ ਦੇ ਸੰਚਾਲਕਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀਆਂ ਮੰਗਾਂ ਵਿਚ ਬਿਨਾਂ ਨਿਯਮਾਂ ਦੇ ਚੱਲ ਰਹੀ ਆਨਲਾਈਨ ਦਵਾਈਆਂ ਦੀ ਵਿਕਰੀ ਨਾਲ ਮੁਹੱਲੇ ਦੀਆਂ ਛੋਟੀਆਂ ਦੁਕਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਲਈ ਵੀ ਖਤਰਾ ਪੈਦਾ ਹੋ ਰਿਹਾ ਹੈ, ਇਸ ਨੂੰ ਬੰਦ ਕੀਤਾ ਜਾਵੇ | ਇਸ ਪੂਰੇ ਵਿਵਾਦ ਨਾਲ ਜੁੜੇ ਸਰਕਾਰ ਦੇ ਦੋ ਨਿਯਮਾਂ ਜੀ.ਐਸ.ਆਰ. 220 (ਈ) ਅਤੇ ਜੀ.ਐਸ.ਆਰ. 817 (ਈ) ਹਨ | ਐਸੋਸੀਏਸ਼ਨ ਦੇ ਮੁਤਾਬਕ ਇਨ੍ਹਾਂ ਨਿਯਮਾਂ ਦੀਆਂ ਕਮੀਆਂ ਦਾ ਫਾਇਦਾ ਉਠਾ ਕੇ ਹੀ ਆਨਲਾਈਨ ਦਵਾਈ ਕੰਪਨੀਆਂ ਅਜਿਹਾ ਕਰ ਰਹੀਆਂ ਹਨ, ਜਿਸ ਨੂੰ ਵਾਪਸ ਲਿਆ ਜਾਵੇ | ਆਨਲਾਈਨ ਪਲੇਟਫਾਰਮ ਤੇ ਗਲਤ ਜਾਂ ਨਕਲੀ ਪਰਚੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ | ਇਸ ਲਈ ਈ-ਫਾਰਮੇਸੀ ਦੇ ਲਈ ਨਵੇਂ ਸਖ਼ਤ ਨਿਯਮ ਬਣਾਏ ਜਾਣ | ਉਨ੍ਹਾਂ ਕਿਹਾ ਕਿ ਨਕਲੀ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਹੁੰਦਾ ਖਿਲਵਾੜ ਬੰਦ ਹੋ ਸਕੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 2013 ਵਿਚ ਬਣਾਏ ਗਏ ਡੀ.ਪੀ.ਸੀ.ਓ. ਨੂੰ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਨਕਲੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਪਰ ਸ਼ਿਕੰਜਾ ਕੱਸਿਆ ਜਾਵੇ |