ਲੁਧਿਆਣਾ, 24 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਨਗਰ ਨਿਗਮ ਵਲੋਂ ਸਮੇਂ-ਸਮੇਂ ਤੇ ਮੁਹਿੰਮਾਂ ਚਲਾਉਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਵਿਚ ਇਸ ਦਾ ਕੋਈ ਵੱਡਾ ਅਸਰ ਨਜ਼ਰ ਨਹੀ ਆ ਰਿਹਾ | ਖਾਸ ਕਰਕੇ ਵਿਸ਼ਵਕਰਮਾ ਚੌਕ ਤੋਂ ਗਿੱਲ ਚੌਕ ਤੱਕ ਦੀ ਮੁੱਖ ਸੜਕ 'ਤੇ ਹਾਲਾਤ ਦਿਨੋ ਦਿਨ ਹੋਰ ਵੀ ਗੰਭੀਰ ਬਣਦੇ ਜਾ ਰਹੇ ਹਨ, ਜਿੱਥੇ ਨਾਜਾਇਜ਼ ਰੇਹੜੀਆਂ, ਫੜੀਆਂ ਤੇ ਸੜਕ ਕਿਨਾਰੇ ਕੀਤੇ ਗਏ ਅਸਥਾਈ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਸਥਾਨਕ ਲੋਕਾਂ ਅਨੁਸਾਰ ਸੜਕ 'ਤੇ ਕਈ ਹਿੱਸਿਆਂ ਤੇ ਰੇਹੜੀਆਂ ਅਤੇ ਹੋਰ ਅਸਥਾਈ ਢਾਂਚੇ ਇਸ ਤਰ੍ਹਾਂ ਖੜ੍ਹੇ ਕੀਤੇ ਜਾਂਦੇ ਹਨ ਕਿ ਵਾਹਨਾਂ ਲਈ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਇਸ ਤੋਂ ਇਲਾਵਾ ਕੁੱਝ ਥਾਵਾਂ 'ਤੇ ਸੜਕ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਕਾਰਨ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ | ਸਵੇਰੇ ਦਫਤਰੀ ਸਮੇਂ ਤੇ ਸ਼ਾਮ ਦੇ ਵੇਲੇ ਇਥੇ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਨਾਲ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀਆਂ ਟੀਮਾਂ ਵਲੋਂ ਕਈ ਵਾਰ ਕਾਰਵਾਈ ਕੀਤੀ ਜਾਂਦੀ ਹੈ ਪਰ ਇਹ ਕਾਰਵਾਈ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਰਹੀ | ਲੋਕਾਂ ਦਾ ਦੋਸ਼ ਹੈ ਕਿ ਮੁਹਿੰਮ ਦੌਰਾਨ ਕੁਝ ਸਮੇਂ ਲਈ ਕਬਜ਼ੇ ਹਟਾਏ ਜਾਂਦੇ ਹਨ ਪਰ ਬਾਅਦ 'ਚ ਮੁੜ ਉਹੀ ਹਾਲਾਤ ਬਣ ਜਾਂਦੇ ਹਨ | ਇਸ ਕਾਰਨ ਲੋਕਾਂ 'ਚ ਨਿਗਮ ਦੀ ਕਾਰਵਾਈ ਨੰੂ ਲੈਕੇ ਨਾਰਾਜ਼ਗੀ ਵੇਖਣ ਨੰੂ ਮਿਲ ਰਹੀ ਹੈ | ਸਥਾਨਕ ਵਪਾਰੀਆਂ ਤੇ ਰਾਹਗੀਰਾਂ ਨੇ ਵੀ ਮੰਗ ਕੀਤੀ ਹੈ ਕਿ ਮੁੱਖ ਸੜਕਾਂ ਤੇ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰਨ ਲਈ ਨਿਗਮ ਅਤੇ ਟ੍ਰੈਫਿਕ ਪੁਲਿਸ ਵਲੋਂ ਸਾਂਝੇ ਤੌਰ 'ਤੇ ਪੱਕੀ ਯੋਜਨਾ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜੇ ਨਾਜਾਇਜ਼ ਕਬਜ਼ਿਆਂ ਤੇ ਗਲਤ ਪਾਰਕਿੰਗ ਤੇ ਨਿਰੰਤਰ ਨਿਗਰਾਨੀ ਨਾ ਰੱਖੀ ਗਈ ਤਾਂ ਆਉਣ ਵਾਲੇ ਸਮੇਂ 'ਚ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਨੂੰ ਆਵਾਜਾਈ ਲਈ ਸੁਚੱਜਾ ਬਣਾਉਣ ਲਈ ਟ੍ਰੈਫਿਕ ਜਾਮ ਤੋਂ ਰਾਹਤ ਦੇਣ ਲਈ ਨਿਯਮਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਜਨਤਾ ਨੰੂ ਰੋਜ਼ਾਨਾ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ |