ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਗਿੱਲ ਰੋਡ ਵਿਖੇ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ 'ਚ ਜੰਗ-ਏ-ਅਜ਼ਾਦੀ ਦੇ ਨੌਜਵਾਨ ਗਦਰੀ ਜਰਨੈਲ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੌਰਾਨ ਆਪਣੇ 6 ਸਾਥੀ ਦੇਸ਼ ਭਗਤਾਂ ਸਮੇਤ ਸ਼ਹਾਦਤ ਦਾ ਜਾਮ ਪੀਤਾ ਅੱਜ ਉਨ੍ਹਾਂ ਦੇ ਜਨਮ ਦਿਵਸ ਤੇ ਮਾਰਕੀਟ ਦੇ ਸਮੂਹ ਮੈਂਬਰਾਂ ਨੇ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਬੇਸ਼ੱਕ ਹਜ਼ਾਰਾਂ ਨੌਜਵਾਨਾਂ ਨੇ ਹੱਸਦੇ ਹੱਸਦੇ ਮੌਤ ਨੂੰ ਗਲੇ ਲਗਾਇਆ, ਪਰ ਉਨ੍ਹਾਂ 'ਚੋਂ ਇਕ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸ ਨੇ ਆਪਣੀ ਵੱਖਰੀ ਪਹਿਚਾਣ ਬਣਾਈ | ਸਲੂਜਾ ਨੇ ਕਿਹਾ ਕਿ ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦਾਂ ਦੇ ਦਿਹਾੜੇ ਮਨਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸ਼ਹੀਦਾਂ ਵਲੋਂ ਦਿੱਤੀ ਗਈ ਸ਼ਹਾਦਤ ਤੋਂ ਜਾਣੀ ਕਰਵਾਉਣਾ ਹੈ | ਉਨ੍ਹਾਂ ਨੇ ਕਿਹਾ 'ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ 'ਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ |' ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਸਲੂਜਾ ਨੇ ਲੰਬੇ ਸਮੇਂ ਤੋਂ ਮਾਰਕੀਟ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਮੰਗ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਗਿੱਲ ਰੋਡ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਮਾਨਵ ਕੱਦ ਬੁੱਤ ਲਗਾਇਆ ਜਾਵੇ | ਇਸ ਮੌਕੇ ਜਤਿੰਦਰ ਸਿੰਘ ਬੌਬੀ, ਪਿ੍ਤਪਾਲ ਸਿੰਘ ਡੰਗ, ਦਮਨਦੀਪ ਸਿੰਘ ਸਲੂਜਾ, ਜਸਵਿੰਦਰ ਸਿੰਘ ਲਾਡੂ, ਰਾਜੂ ਗਾਬਾ, ਰਮੇਸ਼ ਕੁਮਾਰ ਮੇਸ਼ੀ, ਜਤਿੰਦਰ ਸਿੰਘ ਮੱਕੜ, ਗੁਰਪ੍ਰੀਤ ਸਿੰਘ ਨੱਪੀ, ਐਡਵੋਕੇਟ ਹਰਕਮਲ ਸਿੰਘ, ਐਡਵੋਕੇਟ ਗੁਰਜੋਤ ਸਿੰਘ, ਸੁਸ਼ੀਲ ਵਿੱਜ, ਅਸ਼ੋਕ ਚੁੱਘ ਵੀ ਹਾਜ਼ਰ ਸਨ |