ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਮਜ਼ਦੂਰੀ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲਗਾਤਾਰ ਯਤਨ ਜਾਰੀ ਹੈ | ਨਵਚੇਤਨਾ ਸੀਨੀਅਰ ਸਿਟੀਜਨ ਦੇ ਪ੍ਰਧਾਨ ਅਨਿਲ ਸ਼ਰਮਾ ਤੇ ਜਨਰਲ ਸਕੱਤਰ ਜਗਦੀਸ਼ ਸਿੰਘ ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਿਸ਼ੇ 'ਤੇ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ 'ਚ ਖਾਸ ਤੌਰ 'ਤੇ ਸੁਰਿੰਦਰ ਸਿੰਘ ਕੰਗ, ਪਰਮਜੀਤ ਸਿੰਘ ਪਨੇਸਰ, ਭੁਪਿੰਦਰ ਸਿੰਘ, ਰਾਜੀਵ ਕੁਮਾਰ, ਰਾਜੇਸ਼ ਢੀਂਗਰਾ, ਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ ਤੇ ਉੱਤਰਪ੍ਰੀਤ ਸਿੰਘ ਹਾਜ਼ਰ ਰਹੇ | 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਗੌਰੀ, ਅਰਸ਼ਦੀਪ ਕੌਰ ਤੇ ਗੁਰਸਿਮਰਨ ਨੂੰ ਵਜੀਫੇ ਦੇ ਕੇ ਸਨਮਾਨਿਤ ਕੀਤਾ | ਪਰਮਜੀਤ ਸਿੰਘ ਪਨੇਸਰ ਤੇ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਗੌਰੀ ਨੂੰ ਬੀ. ਏ. 'ਚ ਦਾਖਲਾ, ਅਰਸ਼ਦੀਪ ਕੌਰ ਨੂੰ ਬਾਰ੍ਹਵੀਂ ਕਲਾਸ ਵਿਚ ਕਾਮਰਸ ਅਤੇ ਗੁਰਸਿਮਰਨ ਕੌਰ ਨੂੰ ਗਿਆਰ੍ਹਵੀਂ ਕਲਾਸ 'ਚ ਦਾਖਲ ਕਰਵਾ ਕੇ ਬੱਚੀਆਂ ਦੇ ਸੁਪਨੇ ਪੂਰੇ ਕੀਤੇ ਜਾਣਗੇ | ਸੇਖੋਂ ਨੇ ਦੱਸਿਆ ਕਿ ਇਹ ਬੱਚੀਆਂ ਜਦ ਤੱਕ ਪੜ੍ਹਨਾ ਚਾਹੁਣਗੀਆਂ ਇਨ੍ਹਾਂ ਦੀ ਸਿਹਤ ਤੇ ਸਿੱਖਿਆ ਦੀ ਜ਼ਿੰਮੇਵਾਰੀ ਨਵਚੇਤਨਾ ਪੂਰੀ ਕਰੇਗੀ | ਉਨ੍ਹਾਂ ਦੱਸਿਆ ਕਿ ਨਵਚੇਤਨਾ ਦੁਆਰਾ ਅਜਿਹੀਆਂ 30 ਬੱਚੀਆਂ ਨੂੰ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਨਾਲ ਉਨ੍ਹਾਂ ਦੇ ਸੁਪਨੇ ਪੂਰੇ ਕੀਤੇ ਜਾ ਰਹੇ ਹਨ | ਸੇਖੋਂ ਨੇ ਦੱਸਿਆ ਕਿ ਇਹ ਮੁਹਿੰਮ ਨਵਚੇਤਨਾ ਦੇ ਮੈਂਬਰਾਂ ਦੁਆਰਾ ਨਿੱਜੀ ਫੰਡਾਂ ਨਾਲ ਚਲਾਈ ਜਾ ਰਹੀ ਹੈ |