ਲੁਧਿਆਣਾ, 25 ਮਈ (ਡਾ. ਤਰਲੋਚਨ ਸਿੰਘ)-ਪੰਜਾਬੀ ਗਾਇਕ ਭਾਈਚਾਰੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਬੀਤੀ ਰਾਤ ਧਾਰਮਿਕ ਗੀਤਾਂ ਦੇ ਗਾਇਕ ਗੁਰਦੇਵ ਦਿਲਗੀਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ | 80 ਦੇ ਦਹਾਕੇ ਤੋਂ ਲਗਾਤਾਰ ਧਾਰਮਿਕ ਅਤੇ ਪੰਜਾਬੀ ਗੀਤ ਗਾ ਕੇ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਗੁਰਦੇਵ ਦਿਲਗੀਰ 72 ਸਾਲ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਢੇਰੀ ਵਿਖੇ ਕਰ ਦਿੱਤਾ ਗਿਆ | ਗੁਰਦੇਵ ਦਿਲਗੀਰ ਨੇ ਬਾਬਾ ਬਾਲਕ ਨਾਥ, ਪੀਰ ਨਿਗਾਹਾ ਅਤੇ ਮਾਤਾ ਦੀਆਂ ਹਜ਼ਾਰਾਂ ਭੇਟਾਂ ਗਾ ਕੇ ਲੋਕਾਂ ਦੇ ਦਿਲਾਂ ਵਿਚ ਆਪਣੀ ਨਿਵੇਕਲੀ ਜਗ੍ਹਾ ਬਣਾਈ | ਸੂਤਰਾਂ ਅਨੁਸਾਰ ਕੋਈ ਸਮਾਂ ਹੁੰਦਾ ਸੀ, ਜਦੋਂ ਗੁਰਦੇਵ ਦਿਲਗੀਰ ਦੇ ਧਾਰਮਿਕ ਗੀਤ ਹਰ ਇਕ ਦੇ ਘਰ ਅਤੇ ਧਾਰਮਿਕ ਸਥਾਨਾਂ 'ਤੇ ਅਕਸਰ ਸੁਣਨ ਨੂੰ ਮਿਲ ਜਾਂਦੇ ਸਨ | ਉਨ੍ਹਾਂ ਨਾਲ ਕੰਮ ਕਰ ਚੁੱਕੇ ਪੁਰਾਣੇ ਕਲਾਕਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੇਵ ਦਿਲਗੀਰ ਦੇ ਚਲੇ ਜਾਣ ਨਾਲ ਸੰਗੀਤ ਜਗਤ ਦੇ ਇਕ ਯੱੁਗ ਦਾ ਅੰਤ ਹੋ ਗਿਆ | ਮਸ਼ਹੂਰ ਗਾਇਕ ਘੁੱਲਾ ਸਰਹਾਲੇ ਵਾਲੇ ਨੇ ਕਈ ਸਾਲ ਗੁਰਦੇਵ ਦਿਲਗੀਰ ਨਾਲ ਕੰਮ ਕੀਤਾ, ਘੁੱਲਾ ਸਰਹਾਲੇ ਵਾਲਾ ਗੁਰਦੇਵ ਦਿਲਗੀਰ ਦਾ ਸਭ ਤੋਂ ਲਾਡਲਾ ਸ਼ਾਗਿਰਦ ਹੈ, ਫਿਲਹਾਲ ਘੁੱਲਾ ਕੈਨੇਡਾ ਵਿਚ ਹੈ | ਗੁਰਦੇਵ ਦਲਗੀਰ ਦੇ ਦਿਹਾਂਤ ਨਾਲ ਗਾਇਕ ਭਾਈਚਾਰੇ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਭਾਰੀ ਸੋਗ ਦੀ ਲਹਿਰ ਹੈ | ਉਨ੍ਹਾਂ ਦੇ ਦਿਹਾਂਤ 'ਤੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਬਾਈ ਮੱਖਣ ਪ੍ਰੀਤ, ਡਾਲਰਜੀਤ, ਸ਼੍ਰੋਮਣੀ ਲਿਖਾਰੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਮਲਕੀਤ ਮੰਗਾ, ਬਲਵਿੰਦਰ ਸਿੰਘ ਕੁਲਾਰ, ਪਿ੍ਤਪਾਲ ਸਿੰਘ ਮੁਕੰਦਪੁਰ, ਮਨਿੰਦਰ ਸੰਧੂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |