ਲੁਧਿਆਣਾ, 25 ਮਈ (ਡਾ. ਤਰਲੋਚਨ ਸਿੰਘ)-ਨੈਸ਼ਨਲ ਇੰਟੀਗਰੇਟਿਡ ਮੈਡੀਕਲ ਐਸੋਸੀਏਸ਼ਨ ਅਤੇ ਨੀਮਾ ਵੂਮੈਨਜ਼ ਫੋਰਮ ਲੁਧਿਆਣਾ ਵਲੋਂ ਸਾਂਝੇ ਤੌਰ 'ਤੇ 'ਹਾਈਪੋਥਾਈਰੋਡਿਜਮ ਪ੍ਰਬੰਧਨ 'ਚ ਇਕ ਮਰੀਜ਼ ਕੇਂਦਰਿਤ ਪਹੁੰਚ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਵਿਕਾਸ ਲੂੰਬਾ ਮੁਖੀ ਮੈਡੀਸਨ ਵਿਭਾਗ ਸੀ.ਐਮ.ਸੀ ਹਸਪਤਾਲ, ਲੁਧਿਆਣਾ ਮੁੱਖ ਬੁਲਾਰੇ ਸਨ | ਇਸ ਮੌਕੇ ਨੀਮਾ ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਡਾ. ਸਤੇਂਦਰ ਕੱਕੜ ਅਤੇ ਡਾ. ਆਰ.ਕੇ. ਗਰਗ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਡਾਕਟਰਾਂ ਅਤੇ ਆਮ ਲੋਕਾਂ ਵਿਚ ਹਾਈਪੋਥਾਇਰਾਇਡਿਜਮ ਦੀ ਆਮ ਪਰ ਗੰਭੀਰ ਸਥਿਤੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਡਾ. ਵਿਕਾਸ ਲੂੰਬਾ ਨੇ ਦੱਸਿਆ ਕਿ ਹਾਈਪੋਥਾਇਰਾਇਡਿਜਮ ਸਿਰਫ ਥਾਇਰਾਈਡ ਹਾਰਮੋਨ ਦੀ ਕਮੀ ਤੱਕ ਸੀਮਤ ਨਹੀਂ ਹੈ | ਸਗੋਂ ਮਰੀਜ਼ ਦੀ ਸਮੁੱਚੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ | ਇਸ ਲਈ ਇਸ ਦੇ ਇਲਾਜ ਲਈ ਨਾ ਸਿਰਫ ਦਵਾਈਆਂ ਵੱਲ ਸਗੋਂ ਮਰੀਜ਼ ਦੀ ਜੀਵਨ ਸ਼ੈਲੀ, ਖੁਰਾਕ, ਮਾਨਸਿਕ ਸਥਿਤੀ ਅਤੇ ਨਿਯਮਤ ਫਾਲੋਅੱਪ ਵੱਲ ਧਿਆਨ ਦੀ ਲੋੜ ਹੁੰਦੀ ਹੈ | ਡਾ. ਰਾਜੇਸ਼ ਥਾਪਰ ਨੇ ਕਿਹਾ ਕਿ ਸਮੇਂ ਸਿਰ ਨਿਦਾਨ, ਦਵਾਈ ਦੀ ਸਹੀ ਖੁਰਾਕ, ਨਿਯਮਤ ਨਿਗਰਾਨੀ ਅਤੇ ਡਾਕਟਰ ਮਰੀਜ਼ ਵਿਚਕਾਰ ਚੰਗਾ ਸੰਚਾਰ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰ ਸਕਦਾ ਹੈ | ਨੀਮਾ ਮਹਿਲਾ ਫੋਰਮ ਦੀ ਪ੍ਰਧਾਨ ਡਾ. ਊਸ਼ਾ ਕਿਰਨ ਥਾਪਰ, ਡਾ. ਸਿਵਾਨੀ ਭਾਟੀਆ, ਡਾ. ਜੋਤਿਕਾ ਜੱਗੀ, ਡਾ. ਮੀਨੂ ਵਾਤਸਯਾਨ, ਡਾ. ਮਨਪ੍ਰੀਤ ਦਿਓਲ, ਡਾ. ਨਿਸ਼ੀ ਗੇਰਾ ਅਤੇ ਡਾ. ਰਮਣੀਕ ਕੌਰ ਨੇ ਹਾਈਪੋਥਾਇਰਾਇਡਿਜ਼ਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਜਿਹੀ ਸਥਿਤੀ ਵਿਚ ਲੋਕਾਂ ਨੂੰ ਥਕਾਵਟ, ਭਾਰ ਵਧਣਾ, ਵਾਲ ਝੜਨਾ, ਕਮਜ਼ੋਰੀ, ਡਿਪਰੈਸ਼ਨ ਅਤੇ ਬਹੁਤ ਜਿਆਦਾ ਠੰਡ ਮਹਿਸੂਸ ਹੋਣ ਵਰਗੇ ਲੱਛਣਾ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ | ਇਸ ਮੌਕੇ ਡਾ. ਰਜਤ ਅਰੋੜਾ, ਡਾ. ਦੀਪਕ ਭਾਟੀਆ, ਡਾ. ਰਸਿਕ ਵਤਸ, ਡਾ. ਤਰੁਣ ਜੱਗੀ, ਡਾ. ਬਬਨਦੀਪ, ਡਾ. ਗੌਰਵ ਧੀਰ, ਡਾ. ਨਵਨੀਤ ਸੱਗੜ, ਡਾ. ਸਰਜੀਵਨ ਸ਼ਰਮਾ, ਡਾ. ਇੰਦਰਜੀਤ ਲੂਥਰਾ, ਡਾ. ਰਣਬੀਰ ਸਿੰਘ, ਡਾ. ਉਪਿੰਦਰ ਵਾਤਸਯਾਨ, ਡਾ. ਜੋਗੇਸ਼ ਪਾਸੀ, ਡਾ. ਪੀ.ਪੀ ਸਿੰਘ ਅਰੋੜਾ, ਡਾ. ਰਮਣੀਕ ਦਿਓਲ ਆਦਿ ਹਾਜ਼ਰ ਸਨ |