ਲੁਧਿਆਣਾ, 25 ਮਈ (ਭੁਪਿੰਦਰ ਸਿੰਘ ਬੈਂਸ)-ਨੀਟ-ਯੂਜੀ ਪੇਪਰ ਲੀਕ ਮਾਮਲੇ ਨੰੂ ਲੈਕੇ ਭਾਰਤੀ ਵਿਦਿਆਰਥੀ ਮੋਰਚਾ ਵਲੋਂ ਸੋਮਵਾਰ ਨੰੂ ਸੂਬਾ ਪ੍ਰਧਾਨ ਵਿਸ਼ਾਲ ਰਾਏ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੋਰਚੇ ਦੇ ਮੈਂਬਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਵਿਸ਼ਾਲ ਰਾਏ ਨੇ ਕਿਹਾ ਕਿ ਨੀਟ ਯੂਜੀ ਪੇਪਰ ਲੀਕ ਹੋਣ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ ਅਤੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਹੋਏ ਹਨ | ਉਨ੍ਹਾਂ ਮੰਗ ਕੀਤੀ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੀੜਿਤ ਵਿਦਿਆਰਥੀਆਂ ਨੰੂ ਪ੍ਰੀਖਿਆ ਫ਼ੀਸ ਦਾ ਤਿੰਨ ਗੁਣਾ ਮੁਆਵਜ਼ਾ ਦਿੱਤਾ ਜਾਵੇ | ਨਾਲ ਹੀ ਕੇਂਦਰੀ ਸਿੱਖਿਆ ਮੰਤਰੀ ਨੰੂ ਆਪਣੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਅਸਤੀਫ਼ਾ ਦੇਣਾ ਚਾਹੀਦਾ ਹੈ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਲਗਾਤਾਰ ਹੋ ਰਹੀਆਂ ਪੇਪਰ ਲੀਕ ਘਟਨਾਵਾਂ ਕਾਰਨ ਵਿਦਿਆਰਥੀਆਂ ਦਾ ਭਰੋਸਾ ਟੁੱਟ ਰਿਹਾ ਹੈ ਅਤੇ ਨੌਜਵਾਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ | ਇਸ ਮੌਕੇ ਜੋਗਿੰਦਰ ਲਾਲ, ਹਰਵਿਲਾਸ ਰਾਏ, ਗੁਰਮੀਤ ਸਿੰਘ, ਦੇਵੇਂਦਰ ਸਿੰਘ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ |