ਡਾਬਾ/ਲੁਹਾਰਾ, 26 ਮਈ (ਕੁਲਵੰਤ ਸਿੰਘ ਸੱਪਲ)-ਸਥਾਨਕ ਸ਼ਿਮਲਾਪੁਰੀ ਸਥਿਤ ਬਸੰਤ ਨਗਰ ਦੀ ਸੰਗਤ ਵਲੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਲਗਾਇਆ ਗਿਆ | ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਆਰੰਭਤਾ ਤੋਂ ਪਹਿਲਾਂ ਬਸੰਤ ਨਗਰ, ਗਲੀ ਨੰਬਰ 5ਬੀ ਦੀ ਸੰਗਤ ਨੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਇਲਾਕੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਉਪਰੰਤ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੁੱਟ ਚਲਾਈ ਗਈ | ਇਸ ਮੌਕੇ ਇਕੱਤਰ ਹੋਈ ਇਲਾਕੇ ਦੀ ਸਮੂਹ ਸੰਗਤ ਨੇ ਸ਼ਹੀਦੀ ਦਿਵਸ 'ਤੇ ਨੌਜਵਾਨ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਗੁਰੂਆਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਅਤੇ ਗੁਰੂ ਦੇ ਲੜ ਲੱਗ ਕੇ ਮਨੁੱਖਤਾ ਦੀ ਸੇਵਾ ਕਰਨ | ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰਾਂ ਦੌਰਾਨ ਇਲਾਕੇ ਦੇ ਨੌਜਵਾਨਾਂ ਬਜ਼ੁਰਗਾਂ ਨਾਲ ਮਿਲ ਕੇ ਛੋਟੇ ਛੋਟੇ ਬੱਚਿਆਂ ਨੇ ਵੀ ਹੱਥੀਂ ਸੇਵਾ ਕਾਰਜਾਂ ਵਿਚ ਆਪਣਾ ਹਿੱਸਾ ਪਾਇਆ |