ਲੁਧਿਆਣਾ, 26 ਮਈ (ਡਾ. ਤਰਲੋਚਨ ਸਿੰਘ)-ਸੀ.ਐਮ.ਸੀ. ਲੁਧਿਆਣਾ ਦੇ ਪਿ੍ੰਸੀਪਲ ਡਾ. ਜੈਰਾਜ ਡੀ. ਪਾਂਡੀਅਨ ਵਲੋਂ ਜਿਨੇਵਾ ਵਿਚ ਸਟ੍ਰੋਕ 'ਤੇ ਪਹਿਲੀ ਵਾਰ ਵਿਸ਼ਵ ਸਿਹਤ ਅਸੈਂਬਲੀ ਦੇ ਮਤੇ ਨੂੰ ਪੜਿ੍ਹਆ ਗਿਆ | ਵਿਸ਼ਵ ਸਿਹਤ ਅਸੈਂਬਲੀ ਨੇ ਸਟ੍ਰੋਕ ਨੂੰ ਸਮਰਪਿਤ ਪਹਿਲੀ ਵਾਰ ਮਤਾ ਅਪਣਾਇਆ ਹੈ, ਜੋ ਕਿ ਇਕ ਵੱਡਾ ਮੀਲ ਪੱਥਰ ਹੈ, ਜੋ ਵਿਸ਼ਵ ਵਿਆਪੀ ਪ੍ਰਤੀਕਿਰਿਆ ਨੂੰ ਬਦਲ ਸਕਦਾ ਹੈ | ਡਾ. ਪਾਂਡੀਅਨ ਨੇ ਦੱਸਿਆ ਕਿ ਸਟ੍ਰੋਕ ਹਰ ਸਾਲ 12 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਅੱਧੇ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਤਿੰਨ 'ਚੋਂ ਦੋ ਬਚੇ ਲੋਕਾਂ ਨੂੰ ਸਥਾਈ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸਟ੍ਰੋਕ ਨੂੰ ਰੋਕਿਆ ਜਾ ਸਕਦਾ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਮਤਾ ਹਰ ਦੇਸ਼ ਨੂੰ ਸਟ੍ਰੋਕ ਦੇਖਭਾਲ 'ਚ ਪਾੜੇ ਨੂੰ ਯੋਜਨਾਬੱਧ ਢੰਗ ਨਾਲ ਘੱਟ ਕਰਨ ਲਈ ਇਕ ਢਾਂਚਾ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਮੰਤਰਾਲੇ ਮਿਸਰ ਸਰਕਾਰ ਨੇ ਚਿਲੀ, ਜਾਰਜੀਆ, ਫਲਸਤੀਨ, ਪੈਰਾਗੁਏ ਅਤੇ ਟਿਊਨੀਸ਼ੀਆ ਦੇ ਮੰਤਰਾਲਿਆਂ ਦੇ ਨਾਲ ਮਿਲ ਕੇ ਇਹ ਮਤਾ ਪੇਸ਼ ਕੀਤਾ | ਡਾ. ਪਾਂਡੀਅਨ ਨੇ ਕਿਹਾ ਕਿ ਸਟ੍ਰੋਕ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ ਅਤੇ ਦੁਨੀਆ ਭਰ ਵਿਚ ਮੌਤ ਅਤੇ ਅਪੰਗਤਾ ਦਾ ਤੀਜਾ ਪ੍ਰਮੁੱਖ ਕਾਰਨ ਹੈ | ਉਨ੍ਹਾਂ ਕਿਹਾ ਕਿ ਸਟ੍ਰੋਕ ਦਾ ਅਨੁਭਵ ਕਰਨ ਵਾਲੇ 53 ਫ਼ੀਸਦੀ ਲੋਕ 70 ਸਾਲ ਤੋਂ ਘੱਟ ਉਮਰ ਦੇ ਹਨ | ਡਾਕਟਰ ਪਾਂਡੀਅਨ ਨੇ ਦੱਸਿਆ ਕਿ ਲੁਧਿਆਣਾ ਸਮੇਤ ਪੇਂਡੂ ਭਾਰਤ ਵਿਚ ਸਟ੍ਰੋਕ ਮੌਤ ਦਾ ਪ੍ਰਮੁੱਖ ਕਾਰਨ ਹੈ | ਉਨ੍ਹਾਂ ਦੱਸਿਆ ਕਿ ਭਾਰਤ ਲਈ ਰਾਸ਼ਟਰੀ ਸਟ੍ਰੋਕ ਐਕਸ਼ਨ ਪਲਾਨ 24 ਮਾਰਚ ਨੂੰ ਜਾਰੀ ਕੀਤਾ ਗਿਆ ਸੀ |