ਡਾਬਾ/ਲੁਹਾਰਾ, 26 ਮਈ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਾਇਮਰੀ ਵਿੰਗ ਵਿਚ ਗਰਮੀ ਤੋਂ ਰਾਹਤ ਲਈ ਵਿਦਿਆਰਥੀਆਂ ਲਈ ਪੂਲ ਪਾਰਟੀ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀ ਰੰਗ ਬਿਰੰਗੇ ਸਵਿਮਿੰਗ ਪੋਸ਼ਾਕਾਂ ਪਾ ਕੇ, ਚਸ਼ਮੇ ਆਦਿ ਲਗਾ ਕੇ ਆਏ | ਵਿਦਿਆਰਥੀਆਂ ਨੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ | ਸਵਿਮਿੰਗ ਪੂਲ ਨੂੰ ਰੰਗ ਬਿਰੰਗੇ ਗੁਬਾਰਿਆਂ ਅਤੇ ਛੱਤਰੀਆਂ ਆਦਿ ਨਾਲ ਸਜਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨਾਲ ਪ੍ਰਾਇਮਰੀ ਵਿੰਗ ਦੇ ਅਧਿਆਪਕ ਸੋਨੀਆ, ਅੰਜੂ, ਡਿੰਪਲ, ਗੁਰਸਿਮਰਨ ਕੌਰ ਅਤੇ ਕੋਆਰਡੀਨੇਟਰ ਜਸਮੀਤ ਕੌਰ ਮੌਜੂਦ ਰਹੇ | ਇਸ ਦੌਰਾਨ ਵਿਦਿਆਰਥੀ ਕਾਫ਼ੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਲੋਂ ਸਮੇਂ-ਸਮੇਂ 'ਤੇ ਮੌਸਮ ਦੇ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜ਼ਰੂਰੀ ਹਨ, ਜਿਨ੍ਹਾਂ ਨਾਲ ਮਨ ਤਰੋ ਤਾਜ਼ਾ ਰਹਿੰਦਾ ਹੈ |