ਲਾਡੋਵਾਲ, 27 ਮਈ (ਬਲਬੀਰ ਸਿੰਘ ਰਾਣਾ)-ਲਾਡੋਵਾਲ ਤੋਂ ਹੰਬੜਾਂ ਰੋਡ ਸਥਿਤ ਪਿੰਡ ਕੁਤਬੇਵਾਲ ਗੁੱਜਰਾਂ (ਲੁਧਿਆਣਾ) ਵਿਖੇ ਬਣੇ ਇਕ ਸ਼ੈੱਡ ਹਾਲ ਵਿਚ ਕੁੱਝ ਲੋਕਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਚਲਾਇਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਲਾਡੋਵਾਲ ਥਾਣਾ ਮੁਖੀ ਅੰਮਿ੍ਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੇ 8-10 ਦਿਨਾਂ ਤੋਂ ਪਿੰਡ ਕੁਤਬੇਵਾਲ ਗੁੱਜਰਾਂ, ਹੰਬੜਾਂ ਰੋਡ, ਤਨੇਜਾ ਪੈਲੇਸ ਦੇ ਕੋਲ ਬਣੇ ਇਕ ਹਾਲ ਵਿਚ ਦੋਸ਼ੀਆਂ ਹਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੁਤਬੇਵਾਲ ਗੁੱਜਰਾਂ, ਅਮਨਦੀਪ ਸਿੰਘ ਉਰਫ਼ ਮਨੀ ਪੁੱਤਰ ਜਸਪਾਲ ਸਿੰਘ ਵਾਸੀ 1705/1ਏ, ਗਲੀ ਨੰਬਰ 01, ਚਿਮਨੀ ਰੋਡ ਸ਼ਿਮਲਾਪੁਰੀ ਲੁਧਿਆਣਾ ਅਤੇ ਦਮਨਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਹਾਲ ਵਾਸੀ ਕੁਬੜਾ ਸੈਕਟਰ 64, ਐਸ.ਏ.ਐਸ. ਨਗਰ, ਜ਼ਿਲ੍ਹਾ ਮੋਹਾਲੀ ਜੋ ਕਿ ਰਲ ਕੇ ਨਸ਼ਾ ਛੁਡਾਊ ਕੇਂਦਰ ਵਿਚ ਕੈਂਪ ਲਗਾ ਕੇ ਨਸ਼ਾ ਕਰਨ ਵਾਲਿਆਂ ਨੂੰ ਬਾਹਰੋਂ ਦਵਾਈਆਂ ਦਵਾ ਕੇ ਇੱਥੇ ਮਰੀਜ਼ਾਂ ਨੂੰ ਸਟੇਅ ਕਰਵਾਉਂਦੇ ਅਤੇ ਉਨ੍ਹਾਂ ਦੀ ਰੋਟੀ ਪਾਣੀ ਦਾ ਵੀ ਪ੍ਰਬੰਧ ਕਰਦੇ ਸਨ | ਉਨ੍ਹਾਂ ਦੱਸਿਆ ਕਿ ਹਾਲੇ ਇਸ ਕੈਪ ਨੂੰ ਚੱਲਦਿਆਂ ਕੇਵਲ 8-10 ਦਿਨ ਹੀ ਹੋਏ ਹਨ, ਜਿਸ ਦਾ ਜਲਦੀ ਹੀ ਪਰਦਾਫਾਸ਼ ਹੋ ਗਿਆ | ਥਾਣਾ ਮੁਖੀ ਅੰਮਿ੍ਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਥਾਣੇਦਾਰ ਮੇਜਰ ਸਿੰਘ ਸਮੇਤ ਪੁਲਿਸ ਪਾਰਟੀ 26 ਮਈ ਨੂੰ ਗਸ਼ਤ ਸਬੰਧੀ ਮੁੱਖ ਚੌਕ ਲਾਡੋਵਾਲ ਵਿਖੇ ਨਾਕੇ 'ਤੇ ਮÏਜੂਦ ਸੀ | ਉਸ ਵਕਤ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਉਕਤ ਪਤੇ 'ਤੇ ਕੁੱਝ ਲੋਕਾਂ ਵਲੋਂ ਰਲ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਲਈ ਇਕ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਵਿਚ ਕੈਂਪ ਲਗਾਇਆ ਗਿਆ ਹੈ | ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਜਦ ਉਹ ਸਮੇਤ ਪੁਲਿਸ ਪਾਰਟੀ ਉਕਤ ਪਤੇ 'ਤੇ ਪੁੱਜੇ ਅਤੇ ਨਸ਼ਾ ਛੁਡਾਊ ਕੇਂਦਰ ਅਤੇ ਕੈਂਪ ਲਗਾਉਣ ਵਾਲਿਆਂ ਨੂੰ ਲਾਇਸੈਂਸ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਕੋਲੋਂ ਨਾ ਤਾਂ ਲਾਇਸੈਂਸ ਮਿਲਿਆ ਅਤੇ ਨਾ ਹੀ ਕੋਈ ਹੋਰ ਅਥਾਰਟੀ ਪੇਪਰ ਮਿਲਿਆ, ਪੁਲਿਸ ਵਲੋਂ ਤਿੰਨਾਂ ਦੋਸ਼ੀਆਂ ਨੂੰ ਲਾਡੋਵਾਲ ਥਾਣੇ ਵਿਚ ਲਿਆਂਦਾ ਗਿਆ, ਜਿੱਥੇ ਉਨ੍ਹਾਂ 'ਤੇ ਮਾਮਲਾ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਨੋਟਿਸ ਦੇ ਕੇ ਦੁਬਾਰਾ 10 ਜੂਨ ਨੂੰ ਥਾਣਾ ਹਾਜ਼ਰ ਹੋਣ ਲਈ ਕਿਹਾ ਗਿਆ ਤਾਂ ਜੋ ਉਨ੍ਹਾਂ 'ਤੇ ਬਣਦੀ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਕਿਉਂਕਿ 420 ਦੇ ਕੇਸਾਂ ਵਿਚ ਕਾਨੂੰਨ ਮੁਤਾਬਿਕ ਦੋਸ਼ੀਆਂ ਨੂੰ ਪਹਿਲਾਂ ਇਕ ਨੋਟਿਸ ਜਾਰੀ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਇਹ ਨਸ਼ਾ ਛੁਡਾਊ ਕੇਂਦਰ ਵਿਚ ਕੈਂਪ ਲਗਾਇਆ ਗਿਆ ਹੈ, ਉਸ ਦਾ ਮਾਲਕ ਹਰਵਿੰਦਰ ਸਿੰਘ ਤਨੇਜਾ ਹੈ, ਜਿਸ ਨੇ ਆਪਣਾ ਇਹ ਹਾਲ ਕਿਰਾਏ 'ਤੇ ਦੇਣ ਲੱਗਿਆਂ ਅਮਨਦੀਪ ਸਿੰਘ ਉਰਫ਼ ਮਨੀ ਅਤੇ ਦਮਨਪ੍ਰੀਤ ਸਿੰਘ ਪਾਸੋਂ ਨਸ਼ਾ ਛੁਡਾਊ ਕੇਂਦਰ ਜਾਂ ਕੈਂਪ ਚਲਾਉਣ ਦਾ ਲਾਇਸੈਂਸ ਜਾਂ ਅਥਾਰਟੀ ਪੇਪਰ ਨਹੀਂ ਦੇਖਿਆ, ਸਗੋਂ ਉਨ੍ਹਾਂ ਨੂੰ ਕੈਂਪ ਚਲਾਉਣ ਲਈ ਹਾਲ ਕਿਰਾਏ 'ਤੇ ਦੇ ਦਿੱਤਾ |