ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਵਪਾਰ ਦੇ ਮਾਮਲੇ ਵਿਚ 93 ਲੱਖ ਦੀ ਧੋਖਾਧੜੀ ਕਰਨ ਦੋਸ਼ ਤਹਿਤ ਤਹਿਤ ਤਿੰਨ ਵਪਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਰਾਭਾ ਨਗਰ ਤੇ ਰਹਿਣ ਵਾਲੇ ਸੰਜੀਵ ਸੇਠੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਇਸ ਮਾਮਲੇ ਵਿਚ ਪੁਲਿਸ ਨੇ ਮਹੇਸ਼ ਚੰਦ ਗੁਪਤਾ, ਅਦਿੱਤਿਆ ਖੰਡੋਵਾਲ ਅਤੇ ਆਯੂਸ਼ ਖੰਡੋਵਾਲ ਵਾਸੀ ਜੈਪੁਰ ਰਾਜਸਥਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਵਪਾਰ ਦੇ ਮਾਮਲੇ ਵਿਚ ਉਸ ਨਾਲ 93 ਲੱਖ 68 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |