ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਇਲਾਕੇ ਐਸ.ਏ.ਐਸ. ਨਗਰ ਵਿਚ ਕੁੱਟਮਾਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਅਨੁਜ ਕੁਮਾਰ ਵਾਸੀ ਐਸ.ਏ.ਐਸ. ਨਗਰ ਦੀ ਸ਼ਿਕਾਇਤ 'ਤੇ ਸੂਰਜ ਉਰਫ ਵਦੇਈਆ ਵਾਸੀ ਐਸ.ਏ.ਐਸ. ਨਗਰ ਅਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਮੁਹੱਲੇ ਵਿਚ ਜਾ ਰਿਹਾ ਸੀ ਕਿ ਉਕਤ ਕਥਿਤ ਦੋਸ਼ੀ ਉਸ ਦੇ ਵੱਡੇ ਭਰਾ ਬਿ੍ਜ ਮੰਗਲ ਸਿੰਘ ਦੀ ਕੁੱਟਮਾਰ ਕਰ ਰਹੇ ਸਨ | ਇਨ੍ਹਾਂ ਕਥਿਤ ਦੋਸ਼ੀਆਂ ਨੇ ਉਸ ਦੀ ਛਾਤੀ ਵਿਚ ਮੁੱਕੇ ਮਾਰੇ, ਜਦੋਂ ਉਹ ਉੱਥੇ ਪਹੁੰਚਿਆ ਤਾਂ ਕਥਿਤ ਦੋਸ਼ੀ ਉਥੋਂ ਭੱਜ ਗਏ | ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਘਰ ਲੈ ਆਇਆ ਅਤੇ ਘਰ ਆਉਂਦੇ ਹੀ ਉਹ ਉੱਥੇ ਹੀ ਡਿਗ ਪਿਆ | ਬਾਅਦ ਵਿਚ ਕਥਿਤ ਦੋਸ਼ੀਆਂ ਵਲੋਂ ਉਨ੍ਹਾਂ ਦੇ ਘਰ 'ਤੇ ਪਥਰਾਅ ਕੀਤਾ ਤੇ ਉਸ ਦਾ ਟੈਂਪੂ ਵੀ ਤੋੜ ਦਿੱਤਾ, ਜਦੋਂ ਉਸ ਨੇ ਆਪਣੇ ਭਰਾ ਨੂੰ ਚੈੱਕ ਕੀਤਾ ਤਾਂ ਬਿ੍ਜ ਮੰਗਲ ਸਿੰਘ ਦੀ ਮੌਤ ਹੋ ਚੁੱਕੀ ਸੀ | ਉਸ ਨੇ ਦੱਸਿਆ ਕਿ ਉਸ ਦਾ ਭਰਾ ਦਿਲ ਦੀ ਬਿਮਾਰੀ ਦਾ ਮਰੀਜ਼ ਸੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ |