ਲੁਧਿਆਣਾ, 29 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਨਜੀਤ ਨਗਰ ਵਿਚ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਏ ਇਕ ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਸੁਨੀਲ ਕੁਮਾਰ ਪੁੱਤਰ ਗੁਰਮੇਜ ਰਾਮ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 32 ਸਾਲ ਦੇ ਕਰੀਬ ਸੀ | ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਸੁਨੀਲ ਨੇ ਬੀਤੀ ਰਾਤ ਆਪਣੇ ਘਰ ਵਿਚ ਹੀ ਪੱਖੇ ਨਾਲ ਰੱਸੀ ਬਣ ਕੇ ਫਾਹਾ ਲਗਾ ਲਿਆ | ਅੱਧੀ ਰਾਤ ਜਦੋਂ ਉਸ ਦਾ ਭਰਾ ਅਸ਼ਵਨੀ ਕੁਮਾਰ ਉਠਿਆ ਤਾਂ ਉਸ ਨੇ ਦੇਖਿਆ ਕਿ ਸੁਨੀਲ ਦੇ ਕਮਰੇ ਦੀਆਂ ਲਾਈਟਾਂ ਜੱਗ ਰਹੀਆਂ ਸਨ, ਜਿਸ 'ਤੇ ਜਦੋਂ ਉਸ ਨੇ ਰੌਸ਼ਨਦਾਨ ਵਿਚੋਂ ਦੇਖਿਆ ਤਾਂ ਸੁਨੀਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਮਿ੍ਤਕ ਦੋ ਮਹੀਨੇ ਪਹਿਲਾਂ ਹੀ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਇਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ | ਮਿ੍ਤਕ ਨੌਜਵਾਨ ਆਪਣੇ ਦੋ ਭਰਾਵਾਂ ਨਾਲ ਇਕ ਘਰ ਵਿਚ ਹੀ ਰਹਿ ਰਿਹਾ ਸੀ | ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |