ਲੁਧਿਆਣਾ, 2 ਜੂਨ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਫੂਡ ਸੇਫ਼ਟੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਨਮੂਨੇ ਭਰਨ ਦੀ ਮੁਹਿੰਮ ਚਲਾਈ ਗਈ | ਇਹ ਮੁਹਿੰਮ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਲ ਵਿਚ ਲਿਆਂਦੀ ਗਈ | ਮੁਹਿੰਮ ਦੌਰਾਨ ਫੂਡ ਸੇਫ਼ਟੀ ਅਫ਼ਸਰਾਂ ਨੇ ਪ੍ਰੀਤ ਵਿਹਾਰ ਇਲਾਕੇ ਤੋਂ ਗੁੜ ਦਾ ਇਕ ਨਮੂਨਾ, ਕੈਲਾਸ਼ ਨਗਰ ਚੌਕ ਸਥਿਤ ਇਕ ਦੁਕਾਨ ਤੋਂ ਗਾਂ ਦੇ ਘਿਉ ਅਤੇ ਦੇਸੀ ਘਿਉ ਦੇ 2 ਨਮੂਨੇ ਅਤੇ ਕੀਰਤ ਸੰਭੂਜੀ ਘਿਉ ਦਾ ਵੀ ਇਕ ਨਮੂਨਾ ਇਕੱਠਾ ਕੀਤਾ ਗਿਆ | ਮੁਹਿੰਮ ਦੌਰਾਨ ਗਿਆਨ ਵਿਹਾਰ ਇਲਾਕੇ ਵਿਚ ਮਸਾਲਿਆਂ ਦੀ ਵਿਸ਼ੇਸ਼ ਜਾਂਚ ਕੀਤੀ ਗਈ | ਇਸ ਦੌਰਾਨ ਹਲਦੀ ਪਾਊਡਰ ਦੇ ਦੋ, ਲਾਲ ਮਿਰਚ ਪਾਊਡਰ ਦੇ ਦੋ ਅਤੇ ਧਨੀਆ ਪਾਊਡਰ ਦਾ ਇਕ ਨਮੂਨਾ ਇਕੱਠਾ ਕੀਤਾ ਗਿਆ | ਫੂਡ ਸੇਫ਼ਟੀ ਵਿਭਾਗ ਵਲੋਂ ਦੱਸਿਆ ਗਿਆ ਕਿ ਸਾਰੇ ਨਮੂਨੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਭਰੇ ਗਏ ਹਨ | ਇਕੱਠੇ ਕੀਤੇ ਗਏ ਨਮੂਨਿਆਂ ਨੂੰ ਜਾਂਚ ਲਈ ਸਰਕਾਰੀ ਫੂਡ ਜਾਂਚ ਲੈਬ ਭੇਜਿਆ ਜਾਵੇਗਾ | ਡਾ. ਚਾਵਲਾ ਨੇ ਸਪੱਸ਼ਟ ਕੀਤਾ ਕਿ ਮਿਲਾਵਟਖੋਰੀ, ਘਟੀਆ ਗੁਣਵੱਤਾ ਵਾਲੀਆਂ ਖੁਰਾਕੀ ਵਸਤੂਆਂ ਦੀ ਵਿੱਕਰੀ ਅਤੇ ਖਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |