ਲੁਧਿਆਣਾ, 5 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ 'ਚ ਇਕ ਪਾਸੇ ਨਗਰ ਨਿਗਮ ਵਲੋਂ ਪਾਣੀ ਦੀਆਂ ਪਾਈਪਾਂ ਵਿਛਾਉਣ ਲਈ ਵੱਡੇ ਪੱਧਰ 'ਤੇ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਨਿੱਜੀ ਮੋਬਾਈਲ ਕੰਪਨੀਆਂ ਵਲੋਂ ਤਾਰਾਂ ਪਾਉਣ ਲਈ ਸੜਕਾਂ ਪੁੱਟੀਆਂ ਜਾ ਰਹੀਆਂ ਹਨ | ਇਸ ਕਾਰਨ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ | ਸ਼ੁੱਕਰਵਾਰ ਨੰੂ ਭਾਰਤ ਨਗਰ ਰੋਡ ਤੋਂ ਬੱਸ ਅੱਡੇ ਨੰੂ ਜਾਂਦੇ ਵਿਅਸਤ ਮਾਰਗ 'ਤੇ ਸੜਕ ਧਸਣ ਦੀ ਘਟਨਾ ਨੇ ਇਕ ਵਾਰ ਫਿਰ ਖੁਦਾਈ ਕਾਰਜਾਂ ਦੀ ਗੁਣਵੱਤਾ ਅਤੇ ਨਿਗਰਾਨੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਜਾਣਕਾਰੀ ਅਨੁਸਾਰ ਇਕ ਨਿੱਜੀ ਮੋਬਾਈਲ ਕੰਪਨੀ ਵਲੋਂ ਇਸ ਸੜਕ 'ਤੇ ਤਾਰਾਂ ਪਾਉਣ ਲਈ ਪਿਛਲੇ ਦੋ ਦਿਨਾਂ ਤੋਂ ਖੁਦਾਈ ਕੀਤੀ ਜਾ ਰਹੀ ਸੀ | ਸ਼ੁੱਕਰਵਾਰ ਨੰੂ ਜਦੋਂ ਇਕ ਭਾਰੀ ਵਾਹਨ ਇਸ ਰਸਤੇ ਤੋਂ ਲੰਘਿਆ ਤਾਂ ਅਚਾਨਕ ਸੜਕ ਦਾ ਇਕ ਹਿੱਸਾ ਧਸ ਗਿਆ ਅਤੇ ਉਥੇ ਇਕ ਵੱਡਾ ਟੋਇਆ ਪੈ ਗਿਆ | ਟੋਏ ਵਿਚ ਪਾਣੀ ਭਰ ਜਾਣ ਕਾਰਨ ਹਾਲਾਤ ਹੋਰ ਵੀ ਖ਼ਤਰਨਾਕ ਬਣ ਗਏ ਅਤੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਘਟਨਾ ਕਾਰਨ ਕੁੱਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ | ਸਥਿਤੀ ਨੰੂ ਦੇਖਦਿਆਂ ਟ੍ਰੈਫਿਕ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਸੜਕ ਦੇ ਪ੍ਰਭਾਵਿਤ ਹਿੱਸੇ ਨੰੂ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ | ਇਸ ਕਾਰਨ ਲੋਕਾਂ ਨੂੰ ਨੇੜਲੇ ਮੁਹੱਲਿਆਂ ਵਿਚੋਂ ਬਦਲਵੇਂ ਰਸਤੇ ਅਪਣਾਉਣੇ ਪਏ ਅਤੇ ਇਲਾਕੇ ਵਿਚ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਇਲਾਕਾ ਕੌਂਸਲਰ ਰੂਚੀ ਗੁਲਾਟੀ ਤੇ ਉਨ੍ਹਾਂ ਦੇ ਪਤੀ ਵਿਸ਼ਾਲ ਗੁਲਾਟੀ ਵੀ ਮੌਕੇ 'ਤੇ ਪੁੱਜੇ | ਉਨ੍ਹਾਂ ਵਲੋਂ ਤੁਰੰਤ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ | ਵਿਸ਼ਾਲ ਗੁਲਾਟੀ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਵਲੋਂ ਤਾਰਾਂ ਪਾਉਣ ਲਈ ਸੜਕ ਨੰੂ ਕਰੀਬ 10 ਫੁੱਟ ਤੱਕ ਪੁੱਟਿਆ ਗਿਆ | ਉਨ੍ਹਾਂ ਅਨੁਸਾਰ ਖੁਦਾਈ ਦੌਰਾਨ ਪਾਣੀ ਦੀ ਪਾਈਪ ਨੁਕਸਾਨੀ ਗਈ, ਜਿਸ ਕਾਰਨ ਪਾਣੀ ਸੜਕ ਦੇ ਹੇਠਾਂ ਇਕੱਠਾ ਹੁੰਦਾ ਰਿਹਾ | ਇਸ ਨਾਲ ਸੜਕ ਦੀ ਬੁਨਿਆਦ ਕਮਜ਼ੋਰ ਹੋ ਗਈ ਅਤੇ ਭਾਰੀ ਵਾਹਨ ਦੇ ਲੰਘਣ ਨਾਲ ਸੜਕ ਧਸ ਗਈ | ਉਨ੍ਹਾਂ ਕਿਹਾ ਕਿ ਸੜਕ ਧਸਣ ਦੇ ਅਸਲ ਕਾਰਨਾਂ ਨੰੂ ਪਤਾ ਲਗਾਉਣ ਲਈ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਨੰੂ ਹੋਰ ਖੁਦਾਈ ਕਰਨੀ ਪਈ, ਜਿਸ ਤੋਂ ਬਾਅਦ ਟੁੱਟੀ ਹੋਈ ਪਾਣੀ ਦੀ ਪਾਈਪ ਦਾ ਪਤਾ ਲੱਗਾ | ਇਸ ਉਪਰੰਤ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ | ਸਥਾਨਕ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਹੀ ਸ਼ਹਿਰ ਦੀਆਂ ਸੜਕਾਂ ਪਾਣੀ ਦੀਆਂ ਪਾਈਪਾਂ ਵਿਛਾਉਣ ਦੇ ਕੰਮ ਕਾਰਨ ਪੁੱਟੀਆਂ ਹੋਈਆਂ ਹਨ, ਜਦਕਿ ਨਿੱਜੀ ਕੰਪਨੀਆਂ ਵਲੋਂ ਵੀ ਵੱਖ-ਵੱਖ ਪੋ੍ਰਜੈਕਟਾਂ ਲਈ ਸੜਕਾਂ ਦੀ ਖੁਦਾਈ ਕੀਤੀ ਜਾ ਰਹੀ ਹੈ | ਇਸ ਕਾਰਨ ਸੜਕਾਂ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ | ਇਲਾਕਾ ਨਿਵਾਸੀਆਂ ਨੇ ਚਿੰਤਾ ਜਤਾਈ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ | ਜੇਕਰ ਇਸ ਤਰ੍ਹਾਂ ਬੇਤਰਤੀਬ ਖੁਦਾਈ ਜਾਰੀ ਰਹੀ ਤਾਂ ਸੜਕਾਂ ਧਸਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਸਕਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਨਿੱਜੀ ਕੰਪਨੀਆਂ ਵਲੋਂ ਕੀਤੀ ਜਾ ਰਹੀ ਖੁਦਾਈ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਸੜਕਾਂ ਦੀ ਮੁਰੰਮਤ ਨੰੂ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ |