ਡਾਬਾ/ਲੁਹਾਰਾ, 5 ਜੂਨ (ਕੁਲਵੰਤ ਸਿੰਘ ਸੱਪਲ)-ਸਥਾਨਕ ਦਇਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਅਰਬਨ ਟਰੇਨਿੰਗ ਸੈਂਟਰ ਸ਼ਿਮਲਾਪੁਰੀ ਵਿਖੇ ਨਵ ਜਨਮੇ ਬੱਚੇ ਦੀ ਮੌਤ ਹੋਣ ਉਪਰੰਤ ਬੱਚੇ ਦੇ ਵਾਰਸਾਂ ਵਲੋਂ ਡਾਕਟਰਾਂ 'ਤੇ ਅਣਗਹਿਲੀ ਦਾ ਦੋਸ਼ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਸਥਾਨਕ ਪਿੰਡ ਲਹਿਰਾ ਨਿਵਾਸੀ ਬੇਅੰਤ ਸਿੰਘ ਪੁੱਤਰ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਡਿਲਿਵਰੀ ਲਈ ਅਰਬਨ ਟਰੇਨਿੰਗ ਸੈਂਟਰ ਸ਼ਿਮਲਾਪੁਰੀ ਵਿਖੇ ਲਿਆਂਦਾ ਸੀ ਅਤੇ ਜਣੇਪੇ ਦੌਰਾਨ ਹੀ ਬੱਚੇ ਦੀ ਮੌਤ ਹੋ ਗਈ, ਜੋ ਕਿ ਲੜਕਾ ਸੀ, ਪ੍ਰੰਤੂ ਹਸਪਤਾਲ ਪ੍ਰਸ਼ਾਸਨ ਨੇ ਬੱਚੇ ਦੀ ਹਾਲਤ ਸੀਰੀਅਸ ਹੋਣ ਦਾ ਬਹਾਨਾ ਬਣਾ ਕੇ ਤੁਰੰਤ ਐਂਬੂਲੈਂਸ ਵਿਚ ਪਾ ਕੇ ਮੁੱਖ ਡੀ.ਐਮ.ਸੀ. ਹਸਪਤਾਲ ਵਿਖੇ ਲੈ ਆਂਦਾ, ਜਿੱਥੇ ਕਿ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਬੱਚੇ ਦੀ ਮੌਤ ਹੋ ਗਈ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਣੇਪੇ ਦੌਰਾਨ ਟਰੇਂਡ ਡਾਕਟਰ ਨਹੀਂ ਸਨ ਅਤੇ ਸਿਖਾਂਦਰੂ ਡਾਕਟਰਾਂ ਨੇ ਕੇਸ ਵਿਗਾੜ ਕੇ ਰੱਖ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਨਵ ਜਨਮੇ ਪੁੱਤਰ ਦੀ ਮੌਤ ਹੋਈ ਹੈ, ਜਿਸ ਸਬੰਧੀ ਅੱਜ ਉਹ ਡਾਕਟਰਾਂ ਨਾਲ ਗੱਲ ਕਰਨ ਆਏ ਸਨ ਅਤੇ ਡਾਕਟਰਾਂ ਨਾਲ ਗੱਲ ਚੱਲ ਹੀ ਰਹੀ ਸੀ ਕਿ ਸਿਕਿਉਰਿਟੀ ਗਾਰਡ ਨੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਨੂੰ ਅਤੇ ਨਾਲ ਆਈਆਂ ਔਰਤਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਅਸੀਂ ਰੋਸ ਪ੍ਰਗਟ ਕਰਨ ਨੂੰ ਮਜਬੂਰ ਹੋਏ ਹਾਂ | ਮੌਕੇ 'ਤੇ ਪਹੁੰਚੇ ਹਲਕਾ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਪ੍ਰਦਰਸ਼ਨਕਾਰੀਆਂ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ, ਉਪਰੰਤ ਪੀੜਤ ਪਰਿਵਾਰ ਨੇ ਲਿਖਤੀ ਦਰਖਾਸਤ ਪੁਲਿਸ ਨੂੰ ਦੇ ਕੇ ਕਾਰਵਾਈ ਕਰਨ ਲਈ ਆਖਿਆ | ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਵਲੋਂ ਲਿਖਤੀ ਦਰਖਾਸਤ ਦਿੱਤੀ ਗਈ ਹੈ ਅਤੇ ਜਾਂਚ ਉਪਰੰਤ ਜੋ ਵੀ ਕਸੂਰਵਾਰ ਹੋਇਆ, ਉਸ ਉੱਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮੋਹਨ ਸਿੰਘ ਕਟਾਰੀਆ, ਹਰਪ੍ਰੀਤ ਕੌਰ, ਬੂਟਾ ਸਿੰਘ, ਕੁਲਵੰਤ ਸਿੰਘ, ਪੰਚ ਮਿੱਠੂ ਆਦਿ ਹਾਜ਼ਰ ਸਨ |