ਲੁਧਿਆਣਾ, 6 ਜੂਨ (ਡਾ. ਤਰਲੋਚਨ ਸਿੰਘ)-ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਦਿਆਨੰਦ ਹਸਪਤਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ | ਇਹ ਮੁਹਿੰਮ ਡੀ.ਐਮ.ਸੀ.ਐਚ. ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਵਾਤਾਵਰਨ ਸੰਭਾਲ ਪਹਿਲ ਦਾ ਹਿੱਸਾ ਹੈ, ਜਿਸ ਤਹਿਤ ਜ਼ਿਲੇ੍ਹ 'ਚ 10 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ | ਇਸ ਮੁਹਿੰਮ ਵਿਚ ਮੈਡੀਕਲ ਪ੍ਰਸ਼ਾਸਕ, ਫੈਕਲਟੀ ਮੈਂਬਰ, ਡਾਕਟਰ, ਸਟਾਫ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਿਲ ਸਨ | ਇਸ ਮੁਹਿੰਮ ਵਿਚ ਡਾ. ਨਰਿੰਦਰ ਏ.ਡੀ.ਸੀ., ਜੀਵਨ ਦੀਪ, ਈ.ਜੀ.ਐਸ.ਡੀ.ਟੀ.ਓ., ਅੰਬਰ ਬੰਦੋਪਾਧਿਆਏ, ਸੀ.ਜੀ.ਓ., ਪਵਨੀਤ ਸਿੰਘ, ਪ੍ਰੋਜੈਕਟ ਕੋਆਰਡੀਨੇਟਰ ਅਤੇ ਸ਼ਵੇਤਾ, ਗਵਰਨੈਂਸ ਐਸੋਸੀਏਟ ਆਦਿ ਵੀ ਸ਼ਾਮਿਲ ਸਨ | ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਬੂਟੇ ਲਗਾਉਣਾ ਸਾਡੇ ਭਵਿੱਖ ਵਿਚ ਨਿਵੇਸ਼ ਕਰਨ ਦੇ ਬਰਾਬਰ ਹੈ | ਵਿਸ਼ਵ ਵਾਤਾਵਰਨ ਦਿਵਸ ਮੌਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਨ ਦੀ ਰੱਖਿਆ ਅਤੇ ਆਪਣੇ ਆਲੇ-ਦੁਆਲੇ ਨੂੰ ਹੋਰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਸੰਸਥਾ ਨੇ ਪਿਛਲੇ ਸਾਲ 5 ਜੂਨ ਨੂੰ 'ਸੇਵ ਦ ਪਲੈਨੇਟ' ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਮਕਸਦ ਬੂਟੇ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੁਹਿੰਮ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੀ ਇਸ ਨਾਲ ਜੁੜ ਗਿਆ |