ਫੁੱਲਾਂਵਾਲ, 6 ਜੂਨ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਰੋਡ) ਸਥਿਤ ਡੀ.ਏ.ਵੀ. ਪਬਲਿਕ ਸਕੂਲ ਦੀ ਹੋਣਹਾਰ ਬਾਸਕਟਬਾਲ ਖਿਡਾਰਨ ਤਿਸ਼ਮੀਤ ਕੌਰ ਦੀ ਵਰਲਡ ਸਕੂਲ ਕੈਡਾ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੋਣ ਹੋਈ ਹੈ | ਜ਼ਿਕਰਯੋਗ ਹੈ ਕਿ ਤਿਸ਼ਮੀਤ ਕੌਰ ਨੇ ਆਪਣੀ ਸ਼ਾਨਦਾਰ ਖੇਡ ਪ੍ਰਦਰਸ਼ਨ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਕੂਲ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਦੌਰਾਨ ਉਸ ਵਲੋਂ ਸਾਬਾ ਕੱਪ ਕੁਆਲੀਫਾਇਰਜ਼ ਵਿਚ ਜਿੱਤਿਆ ਗਿਆ ਸੋਨ ਤਗਮਾ ਵੀ ਸ਼ਾਮਿਲ ਹੈ, ਜਿੱਥੇ ਉਸ ਨੇ ਆਪਣੀ ਬੇਮਿਸਾਲ ਖੇਡ ਕਲਾ, ਦਿ੍ੜ੍ਹ ਇਰਾਦੇ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਰਲਡ ਸਕੂਲ ਗੇਮਜ਼ ਲਈ ਉਸ ਦੀ ਚੋਣ ਉਸ ਦੇ ਖੇਡ ਜੀਵਨ ਦੀ ਇਕ ਹੋਰ ਮਹੱਤਵਪੂਰਨ ਉਪਲਬਧੀ ਹੈ | ਸਕੂਲ ਦੇ ਕੋਚ ਰਾਜੇਸ਼ ਠਾਕੁਰ ਦੀ ਮਾਹਿਰ ਕੋਚਿੰਗ, ਮਾਰਗਦਰਸ਼ਨ ਅਤੇ ਨਿਰੰਤਰ ਹੌਸਲਾ ਅਫਜ਼ਾਈ ਨੇ ਤਿਸ਼ਮੀਤ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਫਲਤਾ ਹਾਸਿਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਸਕੂਲ ਦੀ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਤਿਸ਼ਮੀਤ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਤਿਸ਼ਮੀਤ ਕੌਰ ਦੀ ਵਰਲਡ ਸਕੂਲ ਗੇਮਜ਼ ਲਈ ਚੋਣ ਸਮੂਹ ਡੀ.ਏ.ਵੀ. ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ | ਉਸ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ | ਉਨ੍ਹਾਂ ਨੇ ਤਿਸ਼ਮੀਤ ਕੌਰ ਨੂੰ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |