ਲੁਧਿਆਣਾ, 8 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁੰਡੀਆਂ ਕਲਾਂ ਵਿਚ ਚੋਰ ਬੀਤੀ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਚੋਰਾਂ ਵਲੋਂ ਮੁੰਡੀਆਂ ਕਲਾਂ ਵਿਚ ਕੈਮਿਸਟ, ਮਨਿਆਰੀ ਅਤੇ ਇਕ ਬਾਈਕ ਪੁਆਇੰਟ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਇਹਨਾਂ ਦੁਕਾਨਾਂ ਦੇ ਚੋਰਾਂ ਵਲੋਂ ਤਾਲੇ ਤੋੜ ਦਿੱਤੇ ਗਏ | ਬਾਈਕ ਪੁਆਇੰਟ ਦੀ ਦੁਕਾਨ ਵਿਚੋਂ ਚੋਰਾਂ ਵਲੋਂ 1 ਲੱਖ ਦੀ ਨਕਦੀ ਚੋਰੀ ਕੀਤੀ ਗਈ, ਜਦਕਿ ਮਨਿਆਰੀ ਅਤੇ ਕੈਮਿਸਟ ਦੀ ਦੁਕਾਨ ਤੋਂ ਵੀ ਚੋਰਾਂ ਵਲੋਂ ਹਜ਼ਾਰਾਂ ਦੀ ਨਗਦੀ ਅਤੇ ਸਾਮਾਨ ਚੋਰੀ ਕਰ ਲਿਆ ਗਿਆ | ਚੋਰਾਂ ਵਲੋਂ ਕੀਤੀ ਗਈ ਇਹ ਘਟਨਾ ਉੱਥੇ ਲੱਗੇ ਸੀ. ਸੀ. ਟੀ.ਵੀ. ਕੈਮਰੇ ਵਿਚ ਕੈਦ ਹੋ ਗਈ, ਜਿੱਥੇ ਕਿ ਇਹ ਦੋ ਨੌਜਵਾਨ ਦੁਕਾਨਾਂ ਦੇ ਸ਼ਟਰ ਅਤੇ ਤਾਲੇ ਤੋੜ ਦੇ ਦਿਖਾਈ ਦੇ ਰਹੇ ਹਨ | ਘਟਨਾ ਦਾ ਪਤਾ ਅੱਜ ਉਸ ਵਕਤ ਲੱਗਿਆ, ਜਦੋਂ ਮਨਿਆਰੀ ਦੀ ਦੁਕਾਨ ਦਾ ਮਾਲਕ ਸੰਜੀਵ ਕੁਮਾਰ ਉੱਥੇ ਆਇਆ ਤੇ ਉਸ ਨੇ ਦੇਖਿਆ ਕਿ ਉਸ ਦੀ ਅਤੇ ਉਸ ਦੇ ਆਸ ਪਾਸ ਦੀਆਂ ਦੋ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਹਨ | ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਦੁਕਾਨਦਾਰਾਂ ਵਿਚ ਰੋਸ ਸੀ ਕਿ ਘਟਨਾ ਬਾਰੇ ਸਵੇਰੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰ ਪੁਲਿਸ ਵਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ, ਪਰ ਪੁਲਿਸ ਵਲੋਂ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ | ਘਟਨਾ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦਕਿ ਦੂਸਰੇ ਪਾਸੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਰਹੀ ਹੈ | ਉਨ੍ਹਾਂ ਦੱਸਿਆ ਕਿ ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੁਲਿਸ ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਇਹਨਾਂ ਮਾਮਲਿਆਂ ਨੂੰ ਜਲਦ ਹੱਲ ਕਰ ਲਿਆ ਜਾਵੇਗਾ |