ਲੁਧਿਆਣਾ, 8 ਜੂਨ (ਜਤਿੰਦਰ ਭੰਬੀ)-ਮੁੱਖ ਮੰਤਰੀ ਦੀ ਤਸਵੀਰ ਵਾਲੇ ਸ਼ਹਿਰ ਅੰਦਰ ਲਗਾਏ ਗਏ ਹੋਰਡਿੰਗਾਂ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ 45 ਹਜ਼ਾਰ ਕਿੱਲੋਮੀਟਰ ਸੜਕਾਂ ਦੀ ਮੁਰੰਮਤ ਕਰਨ ਦੇ ਖੋਖਲੇ ਦਾਅਵੇ ਛੱਡ ਕੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਵੋ, ਕਿਉਂਕਿ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਤੋਂ ਲੋਕ ਹੁਣ ਅੱਕ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮਾਨਸੂਨ ਆਉਣ ਨੂੰ ਤਿਆਰ ਹੈ, ਪਰ ਨਗਰ ਨਿਗਮ ਨੇ ਕੋਈ ਤਿਆਰੀ ਨਹੀਂ ਕੀਤੀ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪਏਗਾ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕੋਈ ਹੀ ਅਜਿਹੀ ਸੜਕ ਹੋਵੇਗੀ, ਜਿਸ ਦੀ ਖਸਤਾ ਹਾਲਤ ਹੋਣ ਕਰਕੇ ਆਏ ਦਿਨ ਹਾਦਸੇ ਨਾ ਵਾਪਰਦੇ ਹੋਣ | ਉਨ੍ਹਾਂ ਕਿਹਾ ਕਿ ਸੈਕਰਡ ਹਾਰਟ ਕਾਨਵੈਂਟ ਸਕੂਲ ਅਤੇ ਐਮ.ਸੀ. ਜ਼ੋਨ-ਡੀ ਦਫ਼ਤਰ ਨੂੰ ਜੋੜਨ ਵਾਲੀ ਲਗਭਗ 600 ਮੀਟਰ ਲੰਬੀ ਸੜਕ ਬਣਾਉਣ ਨੂੰ ਲੈ ਕੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ, ਜਿਸ ਸਬੰਧੀ 18 ਮਾਰਚ, 2026 ਨੂੰ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੂੰ ਤਿੰਨ ਪੰਨਿਆਂ ਦਾ ਵਿਸਥਾਰਪੂਰਵਕ ਮੰਗ-ਪੱਤਰ ਵੀ ਦੇ ਚੱੁਕੇ ਹਾਂ |