ਲੁਧਿਆਣਾ, 19 ਜੂਨ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਦੀ ਅਗਵਾਈ ਹੇਠ ਟਿੱਬਾ ਰੋਡ ਦਫ਼ਤਰ ਦੇ ਬਾਹਰ ਅੱਜ ਚੰਡੀਗੜ੍ਹ ਤੋਂ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵਲੋਂ ਪੰਜਾਬੀਆਂ ਦੇ ਬਾਰੇ ਕੀਤੀਆਂ ਗਈਆਂ ਅਪਮਾਨਜਨਕ ਅਤੇ ਮਾਨਹਾਨੀਪੂਰਣ ਟਿੱਪਣੀਆਂ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਮਲਹੋਤਰਾ ਨੇ ਪੰਜਾਬੀਆਂ ਨੂੰ “ਇਮੋਸ਼ਨਲ ਬਲੱਡੀ ਫੂਲਜ਼” ਕਰਾਰ ਦਿੱਤਾ ਸੀ। ਇਸ ਮੌਕੇ ਕਾਂਗਰਸੀ ਪਾਰਟੀ ਦੇ ਅਹੁਦੇਦਾਰਾ ਅਤੇ ਵਰਕਰਾਂ ਨੇ ਭਾਜਪਾ ਅਤੇ ਚੰਡੀਗੜ੍ਹ ਤੋਂ ਭਾਜਪਾ ਦੇ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮਲਹੋਤਰਾ ਨੇ ਅਸਲ ਵਿਚ ਪੰਜਾਬੀਆਂ ਪ੍ਰਤੀ ਭਾਜਪਾ ਆਗੂਆਂ ਦੇ ਮਨ ਵਿਚ ਮੌਜੂਦ ਡੂੰਘੀ ਨਫ਼ਰਤ ਨੂੰ ਬੇਨਕਾਬ ਕਰ ਦਿੱਤਾ ਹੈ। ਕਾਂਗਰਸੀ ਆਗੂਆਂ ਨੇ ਪੰਜਾਬ ਭਾਜਪਾ ਆਗੂਆਂ, ਖ਼ਾਸ ਕਰਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪੁੱਛਿਆ ਕਿ ਕੀ ਉਹ ਮਲਹੋਤਰਾ ਵਲੋਂ ਪੰਜਾਬੀਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਹਿਮਤ ਹਨ, ਜਿਨ੍ਹਾਂ ਵਿਚ ਉਹ ਖੁਦ ਵੀ ਸ਼ਾਮਿਲ ਹਨ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਆਗੂ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਮੰਗ ਕੀਤੀ ਅਤੇ ਆਮ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਮਲਹੋਤਰਾ ਵਲੋਂ ਇਹ ਟਿੱਪਣੀਆਂ ਕੀਤੇ ਹੋਏ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਭਾਜਪਾ ਲੀਡਰਸ਼ਿਪ ਚੁੱਪ ਕਿਉਂ ਹੈ। ਇਸ ਰੋਸ ਪ੍ਰਦਰਸ਼ਨ ਵਿਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਸ਼ਾਮਿਲ ਹੋਏ।
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਨੇ ਭਾਜਪਾ ਪ੍ਰਧਾਨ ਵਲੋਂ ਦਿੱਤੇ ਬਿਆਨ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
20-06-2026