ਲੁਧਿਆਣਾ, 3 ਜੁਲਾਈ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਦਫ਼ਤਰ, ਲੁਧਿਆਣਾ ਵਲੋਂ ਅੱਜ ਐਂਟੀ ਡੇਂਗੂ ਮਹੀਨੇ ਦੀ ਰਸਮੀ ਸ਼ੁਰੂਆਤ ਡੇਂਗੂ ਜਾਗਰੂਕਤਾ ਰੈਲੀ ਦੇ ਨਾਲ ਕੀਤੀ ਗਈ, ਜਿਸ ਨੂੰ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਰੈਲੀ ਰਾਹੀਂ ਡੇਂਗੂ ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ਲਈ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਸਤੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਮਨਦੀਪ ਕੌਰ ਨੇ ਕਿਹਾ ਕਿ ਡੇਂਗੂ ਇਕ ਰੋਕਿਆ ਜਾ ਸਕਣ ਵਾਲਾ ਰੋਗ ਹੈ ਅਤੇ ਇਸ ਦੀ ਰੋਕਥਾਮ ਵਿਚ ਹਰ ਨਾਗਰਿਕ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਡੱਬਿਆਂ ਅਤੇ ਹੋਰ ਭਾਂਡਿਆਂ ਵਿਚ ਪਾਣੀ ਖੜ੍ਹਾ ਨਾ ਹੋਣ ਦੇਣ, ਕਿਉਂਕਿ ਇਹ ਏਡੀਜ਼ ਮੱਛਰ ਦੇ ਪੈਦਾ ਹੋਣ ਦੇ ਮੁੱਖ ਸਥਾਨ ਹਨ। ਉਨ੍ਹਾਂ ਲੋਕਾਂ ਨੂੰ ਹਫ਼ਤੇ ਵਿਚ ਇਕ ਵਾਰ ਆਪਣੇ ਘਰਾਂ ਅਤੇ ਆਸ-ਪਾਸ ਦੀ ਜਾਂਚ ਕਰਨ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣ, ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਅਤੇ ਤੇਜ਼ ਬੁਖ਼ਾਰ, ਸਿਰ ਦਰਦ, ਸਰੀਰ ਦਰਦ ਜਾਂ ਚਮੜੀ ‘ਤੇ ਦਾਣੇ ਵਰਗੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ। ਡਾ. ਕੌਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਜ਼ਿਲ੍ਹੇ ਭਰ ਵਿਚ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਵਿਸ਼ੇਸ਼ ਡੇਂਗੂ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਹ ਕੈਂਪ ਆਰ.ਸੀ. ਹੈਬੋਵਾਲ ਕਲਾਂ, ਹੈਬੋਵਾਲ ਖ਼ੁਰਦ (1 ਅਤੇ 30 ਜੁਲਾਈ), ਆਰ.ਸੀ. ਕੁੰਦਨਪੁਰੀ (2 ਜੁਲਾਈ), ਐਸ.ਏ.ਡੀ. ਗੁਰੂ ਨਾਨਕ ਪੂਰਾ (3 ਜੁਲਾਈ), ਆਰ.ਸੀ. ਛਾਉਣੀ ਮੁਹੱਲਾ (4 ਜੁਲਾਈ), ਐਸ.ਏ.ਡੀ. ਸਲੇਮ ਟਾਬਰੀ (6 ਜੁਲਾਈ), ਯੂ.ਐਫ.ਪੀ.ਯੂ. ਸਬਜ਼ੀ ਮੰਡੀ (7 ਜੁਲਾਈ), ਯੂ.ਐਫ.ਪੀ.ਯੂ. ਬਸਤੀ ਜੋਧੇਵਾਲ/ਮਹਾਰਾਣਾ ਪ੍ਰਤਾਪ (8 ਜੁਲਾਈ), ਆਰ.ਸੀ. ਸ਼ਿਵ ਪੁਰੀ (9 ਜੁਲਾਈ), ਆਰ.ਸੀ. ਮਾਧੋਪੁਰੀ (10 ਜੁਲਾਈ), ਆਰ.ਸੀ. ਫ਼ੀਲਡ ਗੰਜ (11 ਜੁਲਾਈ), ਆਰ.ਸੀ. ਤਾਜਪੁਰ ਰੋਡ (13 ਜੁਲਾਈ), ਆਰ.ਸੀ. ਢੰਡਾਰੀ ਕਲਾਂ (14 ਜੁਲਾਈ), ਯੂ.ਐਫ.ਪੀ.ਯੂ. ਭਗਵਾਨ ਨਗਰ (15 ਜੁਲਾਈ), ਆਰ.ਸੀ. ਦਸਮੇਸ਼ ਨਗਰ (16 ਜੁਲਾਈ), ਯੂ.ਐਫ.ਪੀ.ਯੂ. ਚੇਤ ਸਿੰਘ ਨਗਰ (17 ਜੁਲਾਈ), ਆਰ.ਸੀ. ਕਿਦਵਈ ਨਗਰ (18 ਜੁਲਾਈ), ਸੀ.ਡੀ. ਕੋਟ ਮੰਗਲ ਸਿੰਘ (20 ਜੁਲਾਈ), ਯੂ.ਐਫ.ਪੀ.ਯੂ. ਜਨਤਾ ਨਗਰ (21 ਜੁਲਾਈ), ਆਰ.ਸੀ. ਦੁੱਗਰੀ (22 ਜੁਲਾਈ), ਐਸ.ਏ.ਡੀ. ਅਬਦੁੱਲਾਪੁਰ ਬਸਤੀ (23 ਜੁਲਾਈ), ਯੂ.ਐਫ.ਪੀ.ਯੂ. ਮਾਡਲ ਟਾਊਨ/ਆਰ.ਸੀ. ਮਾਡਲ ਗ੍ਰਾਮ (24 ਜੁਲਾਈ), ਆਰ.ਸੀ. ਸੁਨੇਤ (25 ਜੁਲਾਈ), ਆਰ.ਸੀ. ਟਰਾਂਸਪੋਰਟ ਨਗਰ (27 ਜੁਲਾਈ), ਸੀ.ਡੀ. ਸਰਾਭਾ ਨਗਰ ਅਤੇ ਆਰ.ਸੀ. ਸ਼ਿਮਲਾਪੁਰੀ (28 ਜੁਲਾਈ) ਅਤੇ ਆਰ.ਸੀ. ਕੈਨਾਲ ਡਿਸਪੈਂਸਰੀ ਅਤੇ ਯੂ.ਐਫ.ਪੀ.ਯੂ. ਢੋਲੇਵਾਲ (29 ਜੁਲਾਈ) ਵਿਖੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਡੇਂਗੂ ਦੀ ਰੋਕਥਾਮ, ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਪਛਾਣ ਅਤੇ ਉਨ੍ਹਾਂ ਦੇ ਖ਼ਾਤਮੇ, ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ, ਸਮੇਂ ਸਿਰ ਇਲਾਜ ਅਤੇ ਸਾਫ਼-ਸੁਥਰੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਭਾਈਚਾਰਕ ਭਾਗੀਦਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ। ਸਿਵਲ ਸਰਜਨ ਨੇ ਸਿੱਖਿਆ ਸੰਸਥਾਵਾਂ, ਰਿਹਾਇਸ਼ੀ ਭਲਾਈ ਸਭਾਵਾਂ, ਸਮਾਜਿਕ ਆਗੂਆਂ ਅਤੇ ਸਥਾਨਕ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿਚ ਸਰਗਰਮ ਸਹਿਯੋਗ ਦੇਣ ਅਤੇ ਲੁਧਿਆਣਾ ਨੂੰ ਡੇਂਗੂ ਮੁਕਤ ਜ਼ਿਲ੍ਹਾ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡਾ. ਵਿਵੇਕ ਕਟਾਰੀਆ, ਸਹਾਇਕ ਸਿਵਲ ਸਰਜਨ, ਡਾ. ਅਮਨਪ੍ਰੀਤ ਕੌਰ,ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਸੁਪਰੀਤ ਕੌਰ, ਜ਼ਿਲ੍ਹਾ ਐਪੀਡੀਮੀਓਲੋਜਿਸਟ, ਡਾ. ਸੀਮਾ, ਐਸ.ਐਮ.ਓ.ਆਈ. ਮੋਬਾਇਲ, ਡਾ. ਜਗਦੀਪ ਕੌਰ, ਡੀ.ਡੀ.ਐਚ.ਓ, ਤੇਜਿੰਦਰ ਕੌਰ, ਕੌਂਸਲਰ, ਵਾਰਡ ਨੰਬਰ 91, ਰਾਜਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ, ਮਨਪ੍ਰੀਤ ਸਿੰਘ, ਸਹਾਇਕ ਮਲੇਰੀਆ ਅਫ਼ਸਰ, ਪ੍ਰੇਮ ਸਿੰਘ, ਜਸਵੀਰ ਸਿੰਘ, ਭਗਵੰਤ ਸਿੰਘ, ਐਮ.ਪੀ.ਐਚ.ਐਸ., ਸਰਾਭਾ ਕਾਲਜ ਦੇ ਨਰਸਿੰਗ ਵਿਦਿਆਰਥੀ ਅਤੇ ਨਰਸਿੰਗ ਟਿਊਟਰ ਕਮਲਜੀਤ ਕੌਰ ਅਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ। ਸਾਰਿਆਂ ਨੇ ਰੈਲੀ ਵਿਚ ਉਤਸ਼ਾਹ ਨਾਲ ਭਾਗ ਲੈਂਦਿਆਂ ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਭਾਈਚਾਰੇ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਸੰਕਲਪ ਦੁਹਰਾਇਆ।