ਲੁਧਿਆਣਾ, 6 ਜੁਲਾਈ (ਜਸਵਿੰਦਰ ਸਿੰਘ)-ਲੁਧਿਆਣਾ ਦੀ ਹੋਣਹਾਰ ਡੈਫ ਟੇਬਲ ਟੈਨਿਸ ਖਿਡਾਰਨ ਐਸ਼ਵਿਨ ਕੌਰ ਨੇ ਇਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰਦੇ ਹੋਏ ਆਉਣ ਵਾਲੀਆਂ ਏਸ਼ੀਆ ਪੈਸੀਫਿਕ ਡੈਫ ਗੇਮਜ਼ ਲਈ ਭਾਰਤੀ ਟੀਮ ਵਿਚ ਸ਼ਾਨਦਾਰ ਢੰਗ ਨਾਲ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਵੱਕਾਰੀ ਖੇਡ ਮੁਕਾਬਲੇ ਪੇਨਾਂਗ (ਮਲੇਸ਼ੀਆ) ਵਿਚ ਕਰਵਾਏ ਜਾਣਗੇ, ਜਿੱਥੇ ਐਸ਼ਵਿਨ ਭਾਰਤ ਦੀ ਨੁਮਾਇੰਦਗੀ ਕਰੇਗੀ। ਭਾਰਤੀ ਟੀਮ ਦੀ ਚੋਣ ਲਈ 4 ਅਤੇ 5 ਜੁਲਾਈ ਨੂੰ ਬੈਂਗਲੁਰੂ ਵਿਖੇ ਦੋ ਰੋਜ਼ਾ ਟਰਾਇਲਜ਼ ਕਰਵਾਏ ਗਏ। ਇਨ੍ਹਾਂ ਟਰਾਇਲ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਚੋਟੀ ਦੇ ਡੈਫ ਟੇਬਲ ਟੈਨਿਸ ਖਿਡਾਰੀਆਂ ਨੇ ਭਾਗ ਲਿਆ। ਐਸ਼ਵਿਨ ਕੌਰ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਲੈਅ ਬਰਕਰਾਰ ਰੱਖਦਿਆਂ ਆਪਣੇ ਸਾਰੇ ਮੁਕਾਬਲਿਆਂ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ ਅੰਕ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤੀ ਟੀਮ ਵਿਚ ਆਪਣੀ ਚੋਣ ਯਕੀਨੀ ਬਣਾਈ। ਐਸ਼ਵਿਨ ਦੀ ਇਸ ਉਪਲਬਧੀ ‘ਤੇ ਉਸ ਦੇ ਪਰਿਵਾਰ, ਕੋਚਾਂ, ਸਾਥੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਕਿਹਾ ਕਿ ਐਸ਼ਵਿਨ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਦਾ ਹੀ ਨਤੀਜਾ ਹੈ ਕਿ ਉਹ ਇਕ ਵਾਰ ਫਿਰ ਭਾਰਤ ਦੀ ਜਰਸੀ ਪਹਿਨਣ ਜਾ ਰਹੀ ਹੈ। ਐਸ਼ਵਿਨ ਕੌਰ ਨੇ ਆਪਣੀ ਚੋਣ ‘ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਦੀ ਨੁਮਾਇੰਦਗੀ ਕਰਨਾ ਉਸ ਲਈ ਮਾਣ ਦੀ ਗੱਲ ਹੈ। ਉਸ ਨੇ ਕਿਹਾ ਕਿ ਉਸ ਦਾ ਪੂਰਾ ਧਿਆਨ ਹੁਣ ਪੇਨਾਂਗ ਵਿਚ ਹੋਣ ਵਾਲੀਆਂ ਏਸ਼ੀਆ ਪੈਸੀਫਿਕ ਡੈਫ ਗੇਮਜ਼ ਦੀ ਤਿਆਰੀ ‘ਤੇ ਹੈ ਅਤੇ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਭਾਰਤ ਲਈ ਸੋਨ ਤਗਮਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਖੇਡ ਪ੍ਰੇਮੀਆਂ ਨੇ ਉਮੀਦ ਜਤਾਈ ਹੈ ਕਿ ਐਸ਼ਵਿਨ ਕੌਰ ਪੇਨਾਂਗ ਵਿਚ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਲੜੀ ਜਾਰੀ ਰੱਖਦਿਆਂ ਦੇਸ਼ ਲਈ ਤਗਮਾ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਰੌਸ਼ਨ ਕਰੇਗੀ।