ਲੁਧਿਆਣਾ, 6 ਜੁਲਾਈ (ਡਾ. ਤਰਲੋਚਨ ਸਿੰਘ)-ਐਂਟੀ ਡੇਂਗੂ ਮਹੀਨੇ ਤਹਿਤ ਸਿਹਤ ਵਿਭਾਗ, ਲੁਧਿਆਣਾ ਵਲੋਂ ਅੱਜ ਯੂ.ਪੀ.ਐੱਚ.ਸੀ. ਸਲੇਮ ਟਾਬਰੀ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਜਾਗਰੂਕਤਾ ਸਮਗਰੀ ਵੀ ਵੰਡੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਡੇਂਗੂ ਇਕ ਵਾਇਰਲ ਬਿਮਾਰੀ ਹੈ, ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਜਿਵੇਂ ਕਿ ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਪਾਣੀ ਦੀਆਂ ਟੈਂਕੀਆਂ, ਫ਼ਰਿਜ ਦੀਆਂ ਟਰੇਆਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੇ ਭਾਂਡਿਆਂ ਵਿਚ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਫ਼ਤੇ ਵਿਚ ਇਕ ਵਾਰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਜਾਂਚ ਜ਼ਰੂਰ ਕਰਨ, ਕੂਲਰਾਂ ਦਾ ਪਾਣੀ ਬਦਲਣ, ਪਾਣੀ ਵਾਲੇ ਭਾਂਡਿਆਂ ਨੂੰ ਖ਼ਾਲੀ ਅਤੇ ਸਾਫ਼ ਰੱਖਣ, ਪਾਣੀ ਨੂੰ ਖੜ੍ਹਾ ਨਾ ਹੋਣ ਦੇਣ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣ ਅਤੇ ਮੱਛਰ ਭਜਾਉਣ ਵਾਲੀਆਂ ਦਵਾਈਆਂ ਜਾਂ ਕਰੀਮਾਂ ਦੀ ਵਰਤੋਂ ਕਰਨ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦੇ ਮੁੱਖ ਲੱਛਣਾਂ ਵਿਚ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਅਤੇ ਜੋੜਾਂ ਵਿਚ ਦਰਦ, ਉਲਟੀਆਂ, ਚਮੜੀ ’ਤੇ ਦਾਣੇ ਅਤੇ ਗੰਭੀਰ ਹਾਲਤ ਵਿਚ ਖ਼ੂਨ ਵਗਣ ਦੀ ਸਮੱਸਿਆ ਸ਼ਾਮਿਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੇਂਗੂ ਦਾ ਕੋਈ ਖ਼ਾਸ ਐਂਟੀਵਾਇਰਲ ਇਲਾਜ ਨਹੀਂ ਹੈ, ਪਰ ਸਮੇਂ ਸਿਰ ਜਾਂਚ, ਡਾਕਟਰੀ ਨਿਗਰਾਨੀ, ਪੂਰਾ ਆਰਾਮ ਅਤੇ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦੇਣਾ ਮਰੀਜ਼ ਦੇ ਜਲਦੀ ਠੀਕ ਹੋਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ, ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ ਵਿਚ ਡੇਂਗੂ ਦੀ ਮੁਫ਼ਤ ਜਾਂਚ ਅਤੇ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਹੈ। ਕੈਂਪ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਘਰਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਬਣਾਈ ਰੱਖਣ, ਹਫ਼ਤੇ ਵਿਚ ਇਕ ਦਿਨ ‘‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’’ ਮਨਾਉਣ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ। ਸਿਹਤ ਵਿਭਾਗ ਨੇ ਦੁਹਰਾਇਆ ਕਿ ਡੇਂਗੂ ਤੋਂ ਬਚਾਅ ਲਈ ਜਨ-ਸਹਿਯੋਗ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ ਅਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖੇ, ਤਾਂ ਜੋ ਲੁਧਿਆਣਾ ਨੂੰ ਡੇਂਗੂ ਮੁਕਤ ਜ਼ਿਲ੍ਹਾ ਬਣਾਇਆ ਜਾ ਸਕੇ।