01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਖੇਤੀ ਨੂੰ ਕ੍ਰਾਂਤੀਕਾਰੀ ਦਿਸ਼ਾ ਵੱਲ ਮੋੜਨ ਵਾਲੀ ਪੀ. ਏ. ਯੂ. ਅੱਜ 63 ਸਾਲਾਂ ਦੀ ਹੋਈ-ਉਪ ਕੁਲਪਤੀ ਡਾ. ਗੋਸਲ

Ad Position 21
No active advertisement
ਅਜੀਤ ਡੈਸਕ 09-07-2026
ਲੁਧਿਆਣਾ, 8 ਜੁਲਾਈ (ਜਸਵਿੰਦਰ ਸਿੰਘ)-ਅੱਜ ਤੋਂ 63 ਸਾਲ ਪਹਿਲਾਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੀ.ਏ.ਯੂ. ਦਾ ਨੀਂਹ ਪੱਥਰ ਧਰਿਆ ਸੀ। ਇਸ ਸੰਸਥਾ ਨੇ ਨਾ ਸਿਰਫ਼ ਪੰਜਾਬ ਨੂੰ ਬਲਕਿ ਸਮੁੱਚੇ ਦੇਸ਼ ਨੂੰ ਅੰਨ ਉਤਪਾਦਨ ਪੱਖੋਂ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਅੱਜ ਆਪਣੀ ਸਥਾਪਨਾ ਦਾ 63ਵਾਂ ਦਿਹਾੜਾ ਮਨਾ ਰਹੀ ਪੀ.ਏ.ਯੂ. ਲਗਾਤਾਰ ਚੌਥੇ ਸਾਲ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਦਾ ਤਾਜ ਸਿਰ ’ਤੇ ਸਜਾ ਕੇ ਹਰੀ ਕ੍ਰਾਂਤੀ ਦੀ ਮੋਢੀ ਸੰਸਥਾ ਬਣੀ ਹੋਈ ਹੈ। ਇਸ ਨੇ ਪੰਜਾਬ ਦੀ ਹੀ ਨਹੀਂ ਬਲਕਿ ਸਮੁੱਚੇ ਭਾਰਤ ਦੀ ਖੇਤੀਬਾੜੀ ਨੂੰ ਵਿਗਿਆਨਕ, ਸੂਖਮ ਅਤੇ ਵਾਤਾਵਰਨ ਨਾਲ ਸੁਮੇਲ ਵਾਲੀ ਦਿਸ਼ਾ ਵੱਲ ਤੋਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ। ਹੁਣ ਪੀ.ਏ.ਯੂ. ਭਵਿੱਖ ਦੀ ਖੇਤੀਬਾੜੀ ਲਈ ਨਵੇਂ ਪਰਿਵਰਤਨਾਂ ਨੂੰ ਅੰਗੀਕਾਰ ਕਰਦੀ ਹੋਈ ਏ ਆਈ, ਡਿਜੀਟਲ ਤਕਨੀਕਾਂ, ਬਰੀਕ ਖੇਤੀਬਾੜੀ ਅਤੇ ਵਾਤਾਵਰਨ ਪੱਖੀ ਕਾਸ਼ਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਨਜ਼ਰ ਆਉਂਦੀ ਹੈ। ਦੁਨੀਆ ਦੇ ਇਤਿਹਾਸ ਵਿਚ ਇਸ ਸੰਸਥਾ ਜਿੰਨਾ ਲਾਸਾਨੀ ਯੋਗਦਾਨ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਿਆ ਹੋਵੇ। 8 ਜੁਲਾਈ 1963 ਨੂੰ ਸਥਾਪਿਤ ਹੋਈ ਇਹ ਸੰਸਥਾ ਖੇਤੀ ਵਿਗਿਆਨ ਦਾ ਮੱਕਾ ਬਣੀ। ਇਸ ਵਿਚੋਂ 6 ਹੋਰ ਯੂਨੀਵਰਸਿਟੀਆਂ ਦੀਆਂ ਸ਼ਾਖਾਵਾਂ ਫੁੱਟੀਆਂ ਅਤੇ ਇਸ ਸੰਸਥਾ ਨੇ ਸੈਂਕੜਿਆਂ ਦੀ ਗਿਣਤੀ ਵਿਚ ਵਿਗਿਆਨੀ ਅਤੇ ਪ੍ਰਸ਼ਾਸਕ ਦੇਸ਼-ਦੁਨੀਆ ਦੀਆਂ ਸਰਵੋਤਮ ਖੇਤੀ ਸੰਸਥਾਵਾਂ ਨੂੰ ਦਿੱਤੇ। ਸਥਾਪਨਾ ਦਿਵਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਸੰਸਥਾ ਨੂੰ ਸੰਘਰਸ਼ ਤੋਂ ਲੈ ਕੇ ਸਫਲਤਾ ਤੱਕ ਦੀ ਦਸਤਾਵੇਜ਼ੀ ਯਾਤਰਾ ਵਾਂਗ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨਹੀਂ ਬਲਕਿ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਸਮਰੱਥ ਕਰਨ ਦੇ ਨਾਲ-ਨਾਲ ਪੀ.ਏ.ਯੂ. ਨੇ ਜੋ ਯੋਗਦਾਨ ਪਾਇਆ ਉਸ ਨਾਲ ਖੇਤੀ ਅਤੇ ਕਿਸਾਨੀ ਦੇ ਮਾਣ ਦੀ ਇਤਿਹਾਸਕ ਬਹਾਲੀ ਸਾਹਮਣੇ ਆਈ। ਡਾ. ਗੋਸਲ ਨੇ ਇਸ ਮੌਕੇ ਯੂਨੀਵਰਸਿਟੀ ਨਾਲ ਜੁੜੀਆਂ ਸਮੁੱਚੀਆਂ ਧਿਰਾਂ ਨੂੰ ਭਾਵੁਕ ਅਪੀਲ ਵਿਚ ਕਿਹਾ ਕਿ ਇਸ ਸੰਸਥਾ ਨੇ ਵਿਕਾਸ ਦੀਆਂ ਬਹੁਤ ਸਾਰੀਆਂ ਅਣਦਿਸਦੀਆਂ ਮੰਜ਼ਿਲਾਂ ਅਜੇ ਸਰ ਕਰਨੀਆਂ ਹਨ। ਇਸ ਲਈ ਲਗਾਤਾਰ ਸਿਦਕ ਅਤੇ ਸਿਰੜ ਨਾਲ ਮਿਹਨਤ ਵਿਚ ਲੀਨ ਰਹਿਣ ਦੀ ਲੋੜ ਹੈ। ਖੇਤੀ ਖੇਤਰ ਦੀਆਂ ਮੌਜੂਦਾ ਚੁਣੌਤੀਆਂ ਵਿਗਿਆਨੀਆਂ ਅਤੇ ਖ਼ੋਜੀਆਂ ਕੋਲੋਂ ਪਹਿਲਾਂ ਕਿਸੇ ਵੀ ਦੌਰ ਨਾਲੋਂ ਵੱਧ ਸਮਰਪਣ ਦੀ ਮੰਗ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਛੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭੁਪੇਸ਼ ਬੁਘੇਲ ਦਾ ਦਾਖਾ ਤੇ ਬਾਵਾ ਨੇ ਕੀਤਾ ਸਵਾਗਤ- ਵੜਿੰਗ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ
Ad Position 24
No active advertisement