ਲੁਧਿਆਣਾ, 9 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅੱਜ ਜ਼ਬਤ ਕੀਤੇ ਗਏ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਨਸ਼ਟ ਕੀਤਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਗਠਿਤ ਉੱਚ-ਪੱਧਰੀ ਡਰੱਗ ਡਿਸਪੋਜ਼ਲ ਕਮੇਟੀ, ਜਿਸ ਵਿਚ ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ, ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਏ.ਸੀ.ਪੀ. ਇਨਵੈਸਟੀਗੇਸ਼ਨ-1 ਹਰਸ਼ਪ੍ਰੀਤ ਸਿੰਘ ਸ਼ਾਮਿਲ ਸਨ, ਨੇ ਐਨ.ਡੀ.ਪੀ.ਐਸ. ਐਕਟ ਦੇ 50 ਵੱਖ-ਵੱਖ ਮਾਮਲਿਆਂ ਨਾਲ ਸੰਬੰਧਿਤ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਨਸ਼ਟ ਕੀਤਾ। ਇਸ ਕਾਰਵਾਈ ਰਾਹੀਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦਿੱਤਾ ਗਿਆ ਕਿ ਲੁਧਿਆਣਾ ਵਿਚ ਨਸ਼ਿਆਂ ਲਈ ਕੋਈ ਥਾਂ ਨਹੀਂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਐਨ.ਡੀ.ਪੀ.ਐਸ. ਐਕਟ ਤਹਿਤ ਕੀਤੀ ਗਈ, ਤਾਂ ਜੋ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਹਮੇਸ਼ਾ ਲਈ ਸਮਾਜ ਵਿਚੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 2 ਲੱਖ 6 ਹਜ਼ਾਰ 590 ਨਸ਼ੀਲੀਆਂ ਗੋਲੀਆਂ, 11 ਕਿੱਲੋ 25 ਗ੍ਰਾਮ ਹੈਰੋਇਨ, 212 ਕਿੱਲੋ 300 ਗ੍ਰਾਮ ਭੁੱਕੀ, ਗਾਂਜਾ 91 ਕਿੱਲੋ 125 ਗ੍ਰਾਮ, ਚਰਸ 3 ਕਿੱਲੋ 689 ਗ੍ਰਾਮ ਸ਼ਾਮਿਲ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਅੱਜ ਕੀਤੀ ਗਈ ਇਹ ਵੱਡੀ ਕਾਰਵਾਈ ਸਾਲ ਭਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਇਕ ਹਿੱਸਾ ਹੈ। 1 ਜਨਵਰੀ 2026 ਤੋਂ 9 ਜੁਲਾਈ 2026 ਤੱਕ ਲੁਧਿਆਣਾ ਪੁਲਿਸ ਨੇ 532 ਐਨ.ਡੀ.ਪੀ.ਐਸ. ਮਾਮਲਿਆਂ ਵਿਚ ਜ਼ਬਤ ਕੀਤੀ ਗਈ ਕੇਸ ਪ੍ਰਾਪਰਟੀ ਦਾ ਨਿਪਟਾਰਾ ਕਰਦਿਆਂ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ ਭੁੱਕੀ (ਪੋਸਤ) 3,281.010 ਕਿਲੋਗ੍ਰਾਮ (3.2 ਟਨ ਤੋਂ ਵੱਧ), ਗਾਂਜਾ 188.590 ਕਿਲੋਗ੍ਰਾਮ, ਹੈਰੋਇਨ 39.262 ਕਿਲੋਗ੍ਰਾਮ, ਚਰਸ 6.391 ਕਿਲੋਗ੍ਰਾਮ, ਪੋਸਤ ਦੇ ਪੌਦੇ 4.5 ਕਿਲੋਗ੍ਰਾਮ, ਨਸ਼ੀਲਾ ਪਾਊਡਰ 1.105 ਕਿਲੋਗ੍ਰਾਮ, ਆਈਸ (ਮੈਥਐਂਫੈਟਾਮੀਨ) 100 ਗ੍ਰਾਮ, ਨਸ਼ੀਲੀਆਂ ਗੋਲੀਆਂ 2,28,221, ਨਸ਼ੀਲੀਆਂ ਟੈਬਲੇਟਾਂ 2,270 ਸ਼ਾਮਿਲ ਹਨ। ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਦੋ ਪੱਧਰਾਂ ’ਤੇ ਲੜੀ ਜਾ ਰਹੀ ਹੈ। ਇਕ ਪਾਸੇ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਲਾਖ਼ਾਂ ਪਿੱਛੇ ਪਹੁੰਚਾ ਰਹੀ ਹੈ, ਜਦਕਿ ਦੂਜੇ ਪਾਸੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਸਮੇਂ ਸਿਰ ਕਾਨੂੰਨੀ ਤੌਰ ’ਤੇ ਨਿਪਟਾਰਾ ਕਰਕੇ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਪੁਲਿਸ ਵਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
ਅਜੀਤ ਡੈਸਕ
10-07-2026