ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਬਜ਼ੁਰਗ ਨਾਲ ਡਿਜੀਟਲ ਅਰੈਸਟ ਦੇ ਨਾਂਅ ‘ਤੇ 20 ਲੱਖ ਦੀ ਠੱਗੀ ਕਰਨ ਵਾਲੇ ਮੁਲਜ਼ਮਾਂ ਵਿਚੋਂ ਪੁਲਿਸ ਨੇ ਇਕ ਨੂੰ ਕਾਬੂ ਕਰ ਲਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਗੌਤਮ ਪੁੰਨੀਆ ਵਜੋਂ ਕੀਤੀ ਗਈ ਹੈ। ਪੁਲਿਸ ਨੇ ਉਸ ਨੂੰ ਕਠੂਆ, ਜੰਮੂ ਕਸ਼ਮੀਰ ਤੋਂ ਕਾਬੂ ਕੀਤਾ। ਇਸ ਸੰਬੰਧੀ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲੀਭੁਗਤ ਕਰਕੇ ਇਕ ਬਜ਼ੁਰਗ ਨੂੰ ਡਿਜੀਟਲ ਅਰੈਸਟ ਹੋਣ ਦਾ ਡਰ ਦਿਖਾ ਕੇ ਧੋਖੇ ਨਾਲ ਕਰੀਬ 20 ਲੱਖ ਰੁਪਏ ਆਪਣੇ ਖਾਤੇ ਵਿਚ ਟਰਾਂਸਫ਼ਰ ਕਰਵਾ ਕੇ ਠੱਗੀ ਮਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਇਸ ਮਾਮਲੇ ਨਾਲ ਸੰਬੰਧਿਤ ਹੋਰ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਮਲੇ ਨਾਲ ਸਬੰਧਿਤ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।