ਲੁਧਿਆਣਾ, 16 ਜੁਲਾਈ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਭਾਰਤ-ਅਮਰੀਕਾ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਨੂੰ ਲਾਗੂ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਵਪਾਰ ਦੇ ਖੇਤਰ ਵਿਚ ਇਕ ਅਹਿਮ ਬਦਲਾਅ ਲਿਆਉਣ ਵਾਲਾ ਸਮਝੌਤਾ ਦੱਸਿਆ ਹੈ, ਜੋ ਪੂਰੇ ਪੰਜਾਬ ਵਿਚ ਨਿਰਯਾਤ, ਨਿਰਮਾਣ, ਨਿਵੇਸ਼ ਅਤੇ ਰੁਜ਼ਗਾਰ ਨੂੰ ਤੇਜ਼ ਕਰੇਗਾ। ਇਸ ਸਮਝੌਤੇ ਦਾ ਸਵਾਗਤ ਕਰਦਿਆਂ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਭਾਰਤ-ਅਮਰੀਕਾ ਤਹਿਤ ਭਾਰਤ ਤੋਂ ਹੋਣ ਵਾਲੇ 99 ਫ਼ੀਸਦੀ ਨਿਰਯਾਤ ਨੂੰ ਅਮਰੀਕਾ ਦੇ ਬਾਜ਼ਾਰ ਵਿਚ ਡਿਊਟੀ-ਮੁਕਤ ਪਹੁੰਚ ਮਿਲੇਗੀ, ਜਦਕਿ 1,143 ਟੈਕਸਟਾਈਲ ਅਤੇ ਇੰਜੀਨੀਅਰਿੰਗ ਉਤਪਾਦਾਂ ’ਤੇ 12 ਫ਼ੀਸਦੀ ਤੱਕ ਦੇ ਟੈਰਿਫ਼ ਖ਼ਤਮ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ 2030 ਤੱਕ ਭਾਰਤ-ਅਮਰੀਕਾ ਦੁਵੱਲੇ ਵਪਾਰ ਦੇ ਲਗਭਗ 100 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਭਾਰਤੀ ਨਿਰਮਾਤਾਵਾਂ ਲਈ ਬੇਮਿਸਾਲ ਮੌਕੇ ਪੈਦਾ ਹੋਣਗੇ। ਆਹੂਜਾ ਨੇ ਕਿਹਾ ਕਿ ਲੁਧਿਆਣਾ ਜੋ ਕਿ ਹੌਜ਼ਰੀ, ਰੈਡੀਮੇਡ ਗਾਰਮੈਂਟਸ, ਉੱਨੀ ਧਾਗੇ, ਸਾਈਕਲ ਦੇ ਪੁਰਜ਼ਿਆਂ, ਆਟੋ ਕੰਪੋਨੈਂਟਸ, ਫਾਸਟਨਰਾਂ, ਹੱਥੀਂ ਵਰਤੇ ਜਾਣ ਵਾਲੇ ਔਜ਼ਾਰਾਂ, ਮਸ਼ੀਨੀ ਔਜ਼ਾਰਾਂ, ਸਟੀਲ ਉਤਪਾਦਾਂ ਅਤੇ ਖੇਤੀਬਾੜੀ ਮਸ਼ੀਨਰੀ ਲਈ ਭਾਰਤ ਦਾ ਪ੍ਰਮੁੱਖ ਨਿਰਮਾਣ ਕੇਂਦਰ ਹੈ, ਜੋ ਇਸ ਸਮਝੌਤੇ ਤੋਂ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿਚੋਂ ਇਕ ਹੈ। ਉਨ੍ਹਾਂ ਨੇ (ਸੀਟਾ) ਦੇ ਲਾਗੂ ਹੋਣ ਦੇ ਪਹਿਲੇ ਹੀ ਦਿਨ ਸਾਹਨੇਵਾਲ, ਲੁਧਿਆਣਾ ਤੋਂ ਤਿਆਰ ਕੱਪੜਿਆਂ ਅਤੇ ਉੱਨੀ ਧਾਗੇ ਦੀਆਂ ਪਹਿਲੀਆਂ ਖੇਪਾਂ ਨੂੰ ਰਵਾਨਾ ਕੀਤੇ ਜਾਣ ਦਾ ਵੀ ਸਵਾਗਤ ਕੀਤਾ, ਜੋ ਇਸ ਸਮਝੌਤੇ ਦੇ ਤੁਰੰਤ ਸਕਾਰਾਤਮਿਕ ਪ੍ਰਭਾਵ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਸਾਲਾਨਾ ਲਗਭਗ 28.8 ਅਰਬ ਅਮਰੀਕੀ ਡਾਲਰ ਮੁੱਲ ਦੇ ਕੱਪੜੇ ਅਤੇ ਲਿਬਾਸ ਦਰਾਮਦ ਕਰਦਾ ਹੈ, ਜਿਸ ਨਾਲ ਪੰਜਾਬ ਦੇ ਟੈਕਸਟਾਈਲ ਅਤੇ ਹੌਜ਼ਰੀ ਖੇਤਰ ਲਈ ਨਿਰਯਾਤ ਦੀਆਂ ਵੱਡੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਇੰਜੀਨੀਅਰਿੰਗ ਦੇ 137 ਉਪ-ਖੇਤਰਾਂ ਵਿਚ ਟੈਰਿਫ਼ ਵਿਚ ਮਿਲਣ ਵਾਲੀ ਛੋਟ ਕਾਰਨ, ਲੁਧਿਆਣਾ ਦੇ ਇੰਜੀਨੀਅਰਿੰਗ, ਸਾਈਕਲ ਅਤੇ ਆਟੋ ਕੰਪੋਨੈਂਟ ਨਿਰਮਾਤਾਵਾਂ ਵਲੋਂ ਅਮਰੀਕਾ ਦੇ ਬਾਜ਼ਾਰ ਵਿਚ ਆਪਣੀ ਮੌਜੂਦਗੀ ਨੂੰ ਕਾਫ਼ੀ ਵਧਾਉਣ ਦੀ ਉਮੀਦ ਹੈ। ਸੀਸੂ ਦੇ ਸੀਨੀਅਰ ਮੀਤ ਪ੍ਰਧਾਨ ਜੇ.ਐਸ. ਭੋਗਲ ਨੇ ਕਿਹਾ ਕਿ ਪੰਜਾਬ ਦੇ ਐਮ.ਐਸ.ਐਮ.ਈ. ਕੋਲ ਹੁਣ ਵਿਸ਼ਵ ਵਿਆਪੀ ਸਪਲਾਈ ਚੇਨਾਂ ਦਾ ਹਿੱਸਾ ਬਣਨ ਦਾ ਸ਼ਾਨਦਾਰ ਮੌਕਾ ਹੈ। ਉਨ੍ਹਾਂ ਉਦਯੋਗਾਂ ਨੂੰ ਇਸ ਸਮਝੌਤੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਵਿਕਸਤ ਬਾਜ਼ਾਰਾਂ ਵਿਚ ਆਪਣੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਗੁਣਵੱਤਾ ਵਿਚ ਸੁਧਾਰ, ਤਕਨਾਲੋਜੀ ਦੇ ਆਧੁਨਿਕੀਕਰਨ ਅਤੇ ਉਤਪਾਦ ਨਵੀਨਤਾ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦੀ ਪ੍ਰੋੜ੍ਹਤਾ ਸੀਸੂ ਦੀ ਸਟੀਅਰਿੰਗ ਕਮੇਟੀ ਵਲੋਂ ਕੀਤੀ ਗਈ, ਜਿਸ ਵਿਚ ਸੰਯੁਕਤ ਸਕੱਤਰ ਡਾ. ਐਸ.ਬੀ. ਸਿੰਘ, ਵਿੱਤ ਸਕੱਤਰ ਅਜੈ ਭਾਰਤੀ, ਮੀਤ ਪ੍ਰਧਾਨ ਗੌਤਮ ਮਲਹੋਤਰਾ, ਮੀਤ ਪ੍ਰਧਾਨ ਦੀਦਾਰਜੀਤ ਸਿੰਘ ਲੋਟੇ ਅਤੇ ਪ੍ਰੈੱਸ ਸਕੱਤਰ ਨਿਖਿਲ ਢੰਡ ਸ਼ਾਮਿਲ ਸਨ, ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਨਾਲ ਇਕ ਵਿਆਪਕ ਵਪਾਰਕ ਸਮਝੌਤਾ ਕਰਨ ਲਈ ਭਾਰਤ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ-ਅਮਰੀਕਾ ਸੀ.ਈ.ਟੀ.ਏ. ਪੰਜਾਬ ਦੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਵਧਾਏਗਾ, ਐਮ.ਐਸ.ਐਮ.ਈ. ਨੂੰ ਮਜ਼ਬੂਤ ਕਰੇਗਾ, ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰੇਗਾ ਅਤੇ ਲੁਧਿਆਣਾ ਨੂੰ ਇਕ ਤਰਜੀਹੀ ਵਿਸ਼ਵ-ਵਿਆਪੀ ਨਿਰਮਾਣ ਕੇਂਦਰ ਵਜੋਂ ਸਥਾਪਿਤ ਕਰੇਗਾ। ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਭਾਰਤ-ਅਮਰੀਕਾ ਸੀ.ਈ.ਟੀ.ਏ. ਪੰਜਾਬ ਦੇ ਨਿਰਯਾਤ-ਅਗਵਾਈ ਵਾਲੇ ਉਦਯੋਗਿਕ ਵਿਕਾਸ ਲਈ ਇਕ ਨਵਾਂ ਅਧਿਆਇ ਦਰਸਾਉਂਦਾ ਹੈ।