05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਜ਼ਿਲ੍ਹੇ ਵਿਚ ਡੇਂਗੂ ਰੋਕਥਾਮ ਮੁਹਿੰਮ ਸਿਖ਼ਰਾਂ ’ਤੇ

Ad Position 21
No active advertisement
ਅਜੀਤ ਡੈਸਕ 18-07-2026
ਲੁਧਿਆਣਾ, 17 ਜੁਲਾਈ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ ਡੇਂਗੂ ਦੇ ਲਾਰਵੇ ਦੀ ਭਾਲ, ਐਂਟੀ ਲਾਰਵਾ ਗਤੀਵਿਧੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 259 ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਕਲੀਨਿਕਾਂ ਅਤੇ ਦਫ਼ਤਰਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ 289 ਇਲਾਕਿਆਂ ਵਿਚ ਸਰਵੇਖਣ ਕਰਦੇ ਹੋਏ 8,824 ਘਰਾਂ ਦੀ ਜਾਂਚ ਕੀਤੀ ਗਈ ਅਤੇ 21,945 ਪਾਣੀ ਦੇ ਭਾਂਡਿਆਂ ਦੀ ਤਫ਼ਤੀਸ਼ ਕਰਕੇ ਡੇਂਗੂ ਦੇ ਲਾਰਵੇ ਦੀ ਭਾਲ ਕੀਤੀ ਗਈ, ਜਿੱਥੇ ਵੀ ਲਾਰਵਾ ਮਿਲਿਆ, ਉੱਥੇ ਤੁਰੰਤ ਐਂਟੀ ਲਾਰਵਾ ਕਾਰਵਾਈ ਕੀਤੀ ਗਈ। ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ, ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਛੱਤਾਂ ਉੱਤੇ ਰੱਖੀਆਂ ਟੈਂਕੀਆਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਦੀ ਹਫ਼ਤੇ ਵਿਚ ਇਕ ਵਾਰ ਸਫ਼ਾਈ ਕਰਨ ਲਈ ਪ੍ਰੇਰਿਤ ਕੀਤਾ। ਇਸੇ ਕੜੀ ਤਹਿਤ ਚੇਤ ਸਿੰਘ ਨਗਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਮਾਸ ਮੀਡੀਆ ਟੀਮ ਅਤੇ ਐਂਟੀ ਲਾਰਵਾ ਟੀਮ ਵਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਵਾਲੇ ਆਈ.ਈ.ਸੀ. ਪੈਂਫ਼ਲਿਟ ਵੀ ਵੰਡੇ ਗਏ। ਡਾ. ਰਮਨਦੀਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਹਰ ਹਫ਼ਤੇ ਇਕ ‘ਡਰਾਈ ਡੇ’ ਮਨਾਉਂਦੇ ਹੋਏ ਪਾਣੀ ਵਾਲੇ ਭਾਂਡਿਆਂ ਨੂੰ ਖ਼ਾਲੀ ਕਰਕੇ ਸਾਫ਼ ਕਰਨ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਵਿਚ ਲੋਕਾਂ ਦੀ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ। ਜੇਕਰ ਹਰ ਪਰਿਵਾਰ ਹਰ ਸ਼ੁੱਕਰਵਾਰ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕਰੇ ਤਾਂ ਡੇਂਗੂ ਫੈਲਾਉਣ ਵਾਲੇ ਮੱਛਰ ਦੀ ਪੈਦਾਵਾਰ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰਾਜਿੰਦਰ ਸਿੰਘ, ਸੁਖਪ੍ਰੀਤ ਸਿੰਘ ਅਤੇ ਐੱਮ.ਪੀ.ਐੱਚ.ਡਬਲਯੂ. ਜਗਤਾਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਰੀਕੇ ਅਤੇ ਦਾਦ ’ਚ ਗਲਾਡਾ ਨੇ 6 ਅਣ-ਅਧਿਕਾਰਤ ਇਮਾਰਤਾਂ ’ਤੇ ਕੀਤੀ ਕਾਰਵਾਈ ਅਗਲੀ ਖ਼ਬਰ ਬੈਂਸ ਤੇ ਕੜਵਲ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਹੋਈ ਸਮਾਪਤ
Ad Position 24
No active advertisement