ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਿਸ਼ਕਰਮਾ ਕਲੋਨੀ ਵਿਚ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਅਧਿਕਾਰੀਆਂ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 10 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ, ਜਦਕਿ ਇਨ੍ਹਾਂ ਵਿਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਸਰਕਾਰੀ ਅਧਿਕਾਰੀਆਂ ਦੀ ਇਹ ਟੀਮ ਗੈਸ ਸਿਲੰਡਰਾਂ ਦੀ ਕਾਲਾ ਬਜ਼ਾਰੀ ਦੀ ਸੂਚਨਾ ਮਿਲਣ ‘ਤੇ ਛਾਪੇਮਾਰੀ ਕਰਨ ਲਈ ਵਿਸ਼ਕਰਮਾ ਕਲੋਨੀ ਗਈ ਸੀ। ਪੁਲਿਸ ਵਲੋਂ ਇਹ ਕਾਰਵਾਈ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਅਧਿਕਾਰੀ ਨੀਤਿਨ ਕਾਲੀਆ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਚੰਦਨ ਸਾਹਨੀ ਵਾਸੀ ਵਿਸ਼ਕਰਮਾ ਕਲੋਨੀ ਸ਼ੇਖਰ ਸਾਹਨੀ ਕਾਮਰੇਡ ਅੰਸਾਰੀ ਅਤੇ ਉਨ੍ਹਾਂ ਦੇ ਸੱਤ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਉਪਰੰਤ ਚੰਦਰ ਸਾਹਨੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਵਿਸ਼ਕਰਮਾ ਕਲੋਨੀ ਵਿਚ ਕੁਝ ਲੋਕ ਸਿਲੰਡਰਾਂ ਕਾਲਾ ਬਜ਼ਾਰੀ ਕਰ ਰਹੇ ਹਨ ਅਤੇ ਵੱਡੇ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ਵਿਚ ਭਰ ਰਹੇ ਹਨ, ਜਦੋਂ ਉਹ ਆਪਣੇ ਸਾਥੀਆਂ ਨਾਲ ਉੱਥੇ ਪਹੁੰਚਿਆ ਤਾਂ ਉਕਤ ਕਥਿਤ ਦੋਸ਼ੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਈ, ਜਿਸ ਤੇ ਸ਼ਿਕਾਇਤ ਕਰਤਾ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਚੰਦਨ ਸਾਹਨੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਸੱਤ ਵੱਡੇ ਅਤੇ ਸੱਤ ਹੀ ਛੋਟੇ ਸਿਲੰਡਰ ਬਰਾਮਦ ਕੀਤੇ ਹਨ। ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।