ਲੁਧਿਆਣਾ, 20 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਨੇ ਇੱਕ ਸਹਾਇਕ ਸਬ ਇੰਸਪੈਕਟਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਜਗਜੀਵਨ ਸਿੰਘ ਵਜੋਂ ਕੀਤੀ ਗਈ ਹੈ ਅਤੇ ਉਹ ਥਾਣਾ ਕੂਮ ਕਲਾਂ ਵਿਚ ਤੈਨਾਤ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਲੋਂ ਇਹ ਕਾਰਵਾਈ ਮੋਹਨ ਸਿੰਘ ਪੁੱਤਰ ਰੋਣਕ ਸਿੰਘ ਵਾਸੀ ਪਿੰਡ ਜਗੀਰਪੁਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੀ ਸਾਲੀ ਦੇ ਲੜਕੇ ਗੁਰਜੰਟ ਸਿੰਘ ਪੁੱਤਰ ਮੁਖਤਿਆਰ ਸਿੰਘ ਵਲੋਂ ਇਕ ਅਪਰਾਧਿਕ ਮਾਮਲਾ ਗੁਰਦੀਪ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਪਾਖਰ ਸਿੰਘ ਵਗੈਰਾ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਿਹਾ ਸੀ ਪਰ ਬਾਅਦ ਵਿਚ ਪੁਲਿਸ ਵਲੋਂ ਗੁਰਜੰਟ ਸਿੰਘ ਪੁੱਤਰ ਮੁਖਤਿਆਰ ਸਿੰਘ ਵਗੈਰਾ ਦੇ ਇਕ ਕਰਾਸ ਕੇਸ ਵੀ ਦਰਜ ਕੀਤਾ ਗਿਆ ਸੀ, ਜਿਸ ਵਿਚ ਗੁਰਜੰਟ ਸਿੰਘ ਵਗੈਰਾ ਵਲੋਂ ਅਦਾਲਤ ਵਿਚ ਆਪਣੀਆਂ ਜ਼ਮਾਨਤਾਂ ਦਾਇਰ ਕੀਤੀਆਂ ਗਈਆਂ ਸਨ। ਮੁਕੱਦਮੇ ਦੀ ਪੈਰਵੀ ਸ਼ਿਕਾਇਤਕਰਤਾ ਵਲੋਂ ਕੀਤੀ ਜਾ ਰਹੀ ਸੀ। ਉਸ ਨੇ ਦੱਸਿਆ ਕਿ ਵੱਖ-ਵੱਖ ਸਮੇਂ ’ਤੇ ਉਹ ਜਗਜੀਵਨ ਸਿੰਘ ਨੂੰ ਥਾਣਾ ਕੂਮ ਕਲਾਂ ਵਿਖੇ ਜਾ ਕੇ ਮਿਲਿਆ, ਜੋ ਕਿ ਉਸ ਪਾਸੋਂ ਗੁਰਜੰਟ ਸਿੰਘ ਵਗੈਰਾ ਦੀ ਜ਼ਮਾਨਤ ਕਰਵਾਉਣ ਵਿਚ ਮਦਦ ਕਰਨ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੇ 10 ਹਜ਼ਾਰ ਰੁਪਏ ਰਿਸ਼ਵਤ ਦੀ ਰਕਮ ਮਜਬੂਰੀ ਕਾਰਨ ਦੇ ਦਿੱਤੀ। ਇਸ ਦੌਰਾਨ ਗੁਰਜੰਟ ਸਿੰਘ ਵਗੈਰਾ ਦੀਆਂ ਜ਼ਮਾਨਤਾਂ ਵੀ ਅਦਾਲਤ ਵਿਚੋਂ ਹੋ ਚੁੱਕੀਆਂ ਸਨ, ਪਰ ਹੁਣ ਕਥਿਤ ਦੋਸ਼ੀ ਜਗਜੀਵਨ ਸਿੰਘ ਉਸ ਪਾਸੋਂ ਮੁੜ 10 ਹਜ਼ਾਰ ਰਿਸ਼ਵਤ ਦੀ ਹੋਰ ਮੰਗ ਕਰ ਰਿਹਾ ਸੀ, ਜਿਸ ’ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ ਤਾਂ ਵਿਜੀਲੈਂਸ ਵਲੋਂ ਕਾਰਵਾਈ ਕਰਦਿਆਂ ਉਕਤ ਸਹਾਇਕ ਸਬ ਇੰਸਪੈਕਟਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।