ਲੁਧਿਆਣਾ, 20 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੇ ਘੇਰੇ ਅੰਦਰ ਪੈਂਦੇ ਇਲਾਕੇ ਈਡਬਲਯੂਐਸ ਕਲੋਨੀ ਵਿਚ ਗੁਆਂਢੀਆਂ ਵਿਚਾਲੇ ਹੋਈ ਜ਼ਬਰਦਸਤ ਲੜਾਈ ਦੌਰਾਨ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ| ਲੜਾਈ ਦੌਰਾਨ ਦੋਵਾਂ ਧੜਿਆਂ ਵਲੋਂ ਇਕ ਦੂਜੇ ’ਤੇ ਪਥਰਾਅ ਵੀ ਕੀਤਾ ਗਿਆ, ਜਿਸ ਕਾਰਨ ਸਥਿਤੀ ਤਨਾਵਪੂਰਨ ਬਣ ਗਈ| ਜਾਣਕਾਰੀ ਅਨੁਸਾਰ ਘਟਨਾ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਈਡਬਲਯੂਐਸ ਕਲੋਨੀ ਵਿਚ ਇਕ ਘਰ ਵਿਚ ਇਕ ਵਿਆਹ ਸਮਾਗਮ ਚੱਲ ਰਿਹਾ ਸੀ | ਵਿਆਹ ਸਮਾਗਮ ਵਿਚ ਮੌਜੂਦ ਇਕ ਰਿਸ਼ਤੇਦਾਰ ਨੇ ਕਿਹਾ ਕਿ ਸਮਾਰੋਹ ਸ਼ੁਰੂ ਹੋਣ ਵਾਲਾ ਸੀ, ਇਸ ਲਈ ਉਨ੍ਹਾਂ ਨੇ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਰਾਤ ਦੇ ਖਾਣੇ ਲਈ ਬਾਹਰ ਜਾਣ ਲਈ ਕਿਹਾ| ਜਦੋਂ ਇਹ ਨੌਜਵਾਨ ਬਾਹਰ ਖਾਣਾ ਖਾਣ ਲਈ ਗਏ ਤਾਂ ਉੱਥੇ ਉਨ੍ਹਾਂ ਦਾ ਝਗੜਾ ਗਵਾਂਢ ਵਿਚ ਰਹਿਣ ਵਾਲੇ ਕੁਝ ਲੋਕਾਂ ਨਾਲ ਹੋ ਗਿਆ| ਇਸ ਤੋਂ ਪਹਿਲਾਂ ਕਿ ਕੁਝ ਲੋਕ ਉਨ੍ਹਾਂ ਨੂੰ ਰੋਕਣ ਦੀ ਕੁਝ ਕੋਸ਼ਿਸ਼ ਕਰਦੇ, ਗੁਆਂਢੀਆਂ ਨੇ ਉਨ੍ਹਾਂ ਦੇ ਘਰ ’ਤੇ ਪੱਥਰ ਅਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ| ‘‘ਇੱਟਾਂ ਅਤੇ ਪੱਥਰਬਾਜ਼ੀ ਕਾਰਨ ਰਿਸ਼ਤੇਦਾਰ ਆਪਣੇ ਆਪ ਨੂੰ ਬਚਾਉਣ ਲਈ ਭੱਜਣ ਲੱਗੇ, ਹਾਲਾਂਕਿ ਉਨ੍ਹਾਂ ਵਿੱਚੋਂ ਕੁਝ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਗਿਆ ਹੈ| ਇਸ ਲੜਾਈ ਕਾਰਨ ਵਿਆਹ ਦੀ ਰਸਮ ਵਿਚ ਵੀ ਵਿਘਨ ਪਿਆ ਅਤੇ ਵਿਆਹ ਦੀਆਂ ਰਸਮਾਂ ਕੁਝ ਸਮੇਂ ਲਈ ਰੋਕਣੀਆਂ ਪਈਆਂ| ਜਦਕਿ ਦੂਜੀ ਧਿਰ ਦੀ ਇਕ 12 ਸਾਲ ਦੀ ਲੜਕੀ ਦੀ ਮਾਂ ਨੇ ਦੋਸ਼ ਲਗਾਇਆ ਕਿ ਜਦੋਂ ਉਸਦੀ ਧੀ ਅਤੇ ਪੁੱਤਰ ਲੰਘ ਰਹੇ ਸਨ ਤਾਂ ਕੁਝ ਨੌਜਵਾਨ ਗਲੀ ਵਿਚ ਡੀਜੇ ’ਤੇ ਨੱਚ ਰਹੇ ਸਨ| ਨੌਜਵਾਨਾਂ ਨੇ ਉਸ ਦੀ ਧੀ ’ਤੇ ਟਿੱਪਣੀ ਕੀਤੀ, ਜਿਸ ਕਾਰਨ ਲੜਾਈ ਹੋਈ| ਉਸ ਨੇ ਦੋਸ਼ ਲਗਾਇਆ ਕਿ ਦੋਸ਼ੀ ਨੌਜਵਾਨਾਂ ਨੇ ਉਨ੍ਹਾਂ’ਤੇ ਪੱਥਰ ਅਤੇ ਇੱਟਾਂ ਸੁੱਟੀਆਂ ਅਤੇ ਬਾਅਦ ਵਿਚ ਘਰ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ| ਇਸ ਦੌਰਾਨ, ਮੁਹੱਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੀਸੀਆਰ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ| ਸੰਬੰਧਿਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉੱਥੇ ਲੱਗੇ ਗਏ ਸੀਸੀਟੀਵੀ ਕੈਮਰਿਆਂ ਦੀ ਵੀ ਫੁਟੇਜ ਕਬਜ਼ੇ ਵਿਚ ਲਈ ਗਈ ਹੈ ਜਿਸ ਤੋਂ ਕਿ ਦੋਸ਼ੀਆਂ ਬਾਰੇ ਪਤਾ ਲਗਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ|