ਫੁੱਲਾਂਵਾਲ, 21 ਜੁਲਾਈ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੀ ਧਾਂਦਰਾ ਸੜਕ, ਜਿਸ ਨੂੰ ਜਸਟਿਸ ਗੁਰਨਾਮ ਸਿੰਘ ਮਾਰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਸਥਿਤ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਰਾਮਜੀ ਦਾਸ, ਜੋ ਬੀਤੀ ਕੱਲ੍ਹ ਘਰੋਂ ਸੈਰ ’ਤੇ ਨਿਕਲਿਆ ਤਾਂ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ, ਦੀ ਗੁੰਮਸ਼ੁਦਗੀ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਪੁਲਿਸ ਕੱਲ੍ਹ ਤੋਂ ਹੀ ਇਸ ਬਜ਼ੁਰਗ ਦੀ ਮੁਸਤੈਦੀ ਨਾਲ ਭਾਲ ਕਰ ਰਹੀ ਸੀ। ਅੱਜ ਸਵੇਰੇ ਇਹ ਬਜ਼ੁਰਗ ਪੁਲਿਸ ਕੰਟਰੋਲ ਰੂਮ ਅਧੀਨ ਚੱਲਦੀ ਟੈਂਗੋ ਨੰਬਰ 30 ਦੇ ਇੰਚਾਰਜ ਸਹਾਇਕ ਥਾਣੇਦਾਰ ਜਸਮੇਲ ਸਿੰਘ ਅਤੇ ਪੁਲਿਸ ਪਾਰਟੀ ਨੂੰ ਭਗਤ ਸਿੰਘ ਨਗਰ ਸਥਿਤ ਗੁਰਦੁਆਰਾ ਸ਼ਹੀਦਾਂ ਦੇ ਸਾਹਮਣੇ ਬੈਠਾ ਮਿਲ ਗਿਆ। ਸਹਾਇਕ ਥਾਣੇਦਾਰ ਜਸਮੇਲ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਹ ਪਰਿਵਾਰ ਇਸ ਏਰੀਏ ਵਿਚ ਨਵਾਂ ਆ ਕੇ ਵਸਿਆ ਹੈ, ਜਿਸ ਨੂੰ ਲੈ ਕੇ ਬਜ਼ੁਰਗ ਵਡੇਰੀ ਉਮਰ ਹੋਣ ਕਰਕੇ ਗਰਮੀ ਨਾਲ ਭਮੱਤਰ ਗਿਆ ਅਤੇ ਆਪਣੇ ਘਰ ਦਾ ਰਸਤਾ ਭੁੱਲ ਗਿਆ, ਜਿਸ ਨੂੰ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਲੱਭ ਕੇ ਪਰਿਵਾਰ ਦੇ ਹਵਾਲੇ ਕਰਕੇ ਇਸ ਦੀ ਜਾਣਕਾਰੀ ਆਪਣੇ ਉਚ ਅਧਿਕਾਰੀਆਂ ਨੂੰ ਦਿੱਤੀ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਕੀਤੇ ਇਸ ਸ਼ਲਾਘਾ ਯੋਗ ਕੰਮ ਦੀ ਹਰ ਪਾਸੇ ਤੋਂ ਪ੍ਰਸੰਸਾ ਹੋ ਰਹੀ ਹੈ।