15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਨੇ ਪੰਜਢੇਰਾ ਵਿਚ ਵਿਕ ਰਹੇ ਚਿੱਟੇ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 22-07-2026
ਲਾਡੋਵਾਲ, 21 ਜੁਲਾਈ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਅਤੇ ਪੁਲਿਸ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਪੰਜਢੇਰਾ ਵਿਖੇ ਵੱਡੇ ਪੱਧਰ ‘ਤੇ ਵਿਕ ਰਹੇ ਚਿੱਟੇ ਨੇ ਤਾਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਸਕੀਮ ਨੂੰ ਵੀ ਫ਼ੇਲ੍ਹ ਸਾਬਤ ਕਰ ਵਿਖਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਪਿੰਡ ਪੰਜਢੇਰਾ ਵਿਚ ਨਸ਼ਾ ਵਿਕ ਰਿਹਾ ਹੈ, ਉਸ ਨੂੰ ਚਿੱਟੇ ਦੀ ਮੰਡੀ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਕੌਮੀ ਪ੍ਰਧਾਨ ਆਜ਼ਾਦ ਨੇ ਦੱਸਿਆ ਕਿ ਪਿੰਡ ਪੰਜ ਢੇਰਾ ਵਿਚ ਰੋਜ਼ਾਨਾ ਚਿੱਟੇ ਦੀ ਸ਼ਰੇਆਮ ਇੰਜ ਸਪਲਾਈ ਹੋ ਰਹੀ ਹੈ ਜਿਵੇਂ ਕਿਸੇ ਸਮਾਨ ਨੂੰ ਪਰਚੂਨ ਵਿਚ ਵੇਚਿਆ ਜਾਂਦਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਚਿੱਟੇ ਦੀ ਦਲਦਲ ਵਿਚ ਫਸੇ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਵੇਚਣ ਵਾਲਾ ਪੈਸਾ ਕਮਾ ਰਿਹਾ ਹੈ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਵੱਸ ਹੋਇਆ ਜਾਪਦਾ ਹੈ। ਕੌਮੀ ਪ੍ਰਧਾਨ ਆਜ਼ਾਦ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਪੰਜ ਢੇਰਾ ਵਿਖੇ ਨਿਹੰਗ ਸਿੰਘਾਂ ਨੇ ਵੀ ਇਨ੍ਹਾਂ ਚਿੱਟੇ ਵਾਲਿਆਂ ਖ਼ਿਲਾਫ਼ ਹੱਲਾ ਬੋਲਿਆ ਸੀ ਅਤੇ ਉਨ੍ਹਾਂ ਨੇ ਚਿੱਟੇ ਵਾਲਿਆਂ ਨੂੰ ਚਿੱਟਾ ਨਾ ਵੇਚਣ ਦੀ ਚਿਤਾਵਨੀ ਵੀ ਦਿੱਤੀ ਸੀ, ਜਿਸ ਨੂੰ ਦੇਖਦੇ ਹੋਏ ਪੁਲਿਸ ਥੋੜ੍ਹੇ ਸਮੇਂ ਲਈ ਜ਼ਰੂਰ ਹਰਕਤ ਵਿਚ ਆਈ ਸੀ, ਪ੍ਰੰਤੂ ਕੁੱਝ ਦਿਨਾਂ ਦੇ ਬਾਅਦ ਫਿਰ ਚਿੱਟਾ ਖ਼ਰੀਦਣ ਵਾਲਿਆਂ ਦੀਆਂ ਢਾਣੀਆਂ ਲੱਗਣ ਲੱਗ ਗਈਆਂ। ਜਦ ਕਿ ਇਸ ਪਿੰਡ ਵਿਚ ਪ੍ਰਸ਼ਾਸਨ ਵਲੋਂ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਪਿੰਡ ਵਿਚ ਵੱਡੇ ਪੱਧਰ ‘ਤੇ ਚਿੱਟਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੌਤ ਦਾ ਧੰਦਾ ਕਿਸ ਦੀ ਸ਼ਹਿ ਤੇ ਹੋ ਰਿਹਾ ਹੈ, ਇਸ ਵੱਲ ਪ੍ਰਸ਼ਾਸਨ ਜ਼ਰੂਰ ਧਿਆਨ ਦੇਵੇ ਕਿਉਂਕਿ ਚਿੱਟੇ ਵਾਲਿਆਂ ਦਾ ਨੈੱਟਵਰਕ ਬਹੁਤ ਹੀ ਵੱਡਾ ਹੈ, ਜਿਨ੍ਹਾਂ ਦੇ ਮੁਖ਼ਬਰ ਜਗ੍ਹਾ-ਜਗ੍ਹਾ ‘ਤੇ ਬੈਠੇ ਹੋਏ ਹਨ ਅਤੇ ਪੁਲਿਸ ਤੋਂ ਪਹਿਲਾਂ ਚਿੱਟੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਵਲੋਂ ਉਨ੍ਹਾਂ ਉਪਰ ਕਦੋਂ ਕਾਰਵਾਈ ਕੀਤੀ ਜਾ ਰਹੀ ਹੈ। ਕੌਮੀ ਪ੍ਰਧਾਨ ਨੇ ਦੱਸਿਆ ਕਿ ਇੱਥੇ ਜ਼ਿਆਦਾਤਰ ਔਰਤਾਂ ਹੀ ਚਿੱਟੇ ਦਾ ਧੰਦਾ ਕਰਦੀਆਂ ਹਨ, ਜਿਨ੍ਹਾਂ ਦੇ ਦਿਲ ਦਿਮਾਗ਼ ਵਿਚ ਕਿਸੇ ਦਾ ਵੀ ਕੋਈ ਖ਼ੌਫ਼ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਇਕ ਮਹਿਜ਼ ਡਰਾਮਾ ਹੀ ਹੈ। ਜਦ ਕਿ ਪਿੰਡ ਤਲਵੰਡੀ ਕਲਾਂ ਦੇ ਲੋਕ ਆਪਣੇ ਨੌਜਵਾਨ ਬੱਚਿਆਂ ਨੂੰ ਲੈ ਕੇ ਬੇਹੱਦ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਵਿਚ ਬੀਤੇ ਦਿਨੀਂ 2 ਨੌਜਵਾਨ ਲੜਕਿਆਂ ਦੀ ਹੋਈ ਮੌਤ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ,ਜਿਸ ਦੀ ਡੁੰਘਾਈ ਵਿਚ ਜਾਂਚ ਹੋਣੀ ਚਾਹੀਦੀ ਹੈ।ਇਸ ਮੌਕੇ ਚੇਤ ਰਾਮ ਰਤਨ ਕੌਮੀ ਡਿਪਟੀ ਚੀਫ਼ ਪੈਟਰਨ, ਪ੍ਰਧਾਨ ਵਿਸ਼ਾਲ ਸ਼ਰਮਾ ਹਿਮਾਚਲ ਪ੍ਰਦੇਸ਼, ਐਡਵੋਕੇਟ ਬਿਕਰਮਜੀਤ ਸਿੰਘ ਸ਼ਰਮਾ, ਡਾ. ਦੀਪਕ ਪਾਂਡੇ ਹੈਲਥ ਵਿੰਗ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
ਕੀ ਕਹਿਣਾ ਹੈ ਐਸ.ਐਚ.ਓ. ਲਾਡੋਵਾਲ ਦਾ
ਜਦ ਇਸ ਸਬੰਧੀ ਲਾਡੋਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ’ਤੇ ਸਾਡੀ ਪੂਰੀ ਬਾਜ਼ ਅੱਖ ਰੱਖੀ ਹੋਈ ਹੈ ਅਤੇ ਪਿਛਲੇ ਦਿਨੀਂ ਪੁਲਿਸ ਵਲੋਂ ਪਿੰਡ ਬੌਂਕੜ ਡੋਗਰਾਂ ਵਿਖੇ ਦੇਸੀ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ। ਬਿਲਕੁਲ ਇਸੇ ਤਰ੍ਹਾਂ ਪੁਲਿਸ ਵਲੋਂ ਪਿੰਡ ਤਲਵੰਡੀ ਕਲਾਂ ਦੇ ਪੰਜਢੇਰਾ ਵਿਖੇ ਵੀ ਚਿੱਟਾ ਵੇਚਣ ਵਾਲਿਆਂ ਦੇ ਖ਼ਿਲਾਫ਼ ਵੀ ਪੁਲਿਸ ਵਲੋਂ ਪਰਚੇ ਦਰਜ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਸਗੋਂ ਚਿੱਟੇ ਦੇ ਤਸਕਰਾਂ ਖ਼ਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਟਵਾਰੀ ਸਵੇਰੇ 9 ਤੋਂ 1:30 ਵਜੇ ਤੱਕ ਦਫ਼ਤਰਾਂ ਵਿਚ ਹਾਜ਼ਰ ਰਹਿਣਗੇ, ਡੀ. ਸੀ. ਨੇ ਜਾਰੀ ਕੀਤੇ ਹੁਕਮ ਅਗਲੀ ਖ਼ਬਰ ਪਾਮੇਟੀ ਵਲੋਂ ਮਾਸ ਮੀਡੀਆ ਲਈ ਡਿਜੀਟਲ ਸਮੱਗਰੀ ਵਿਕਾਸ ਬਾਰੇ ਸਿਖਲਾਈ ਕਰਵਾਈ
Ad Position 24