ਢੰਡਾਰੀ ਕਲਾਂ/ਲੁਧਿਆਣਾ, 28 ਜੁਲਾਈ (ਜਸਵੀਰ ਸਿੰਘ ਬੰਗਾ)-ਦਿਨ-ਬਦਿਨ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਸਾਬਕਾ ਐਮ.ਪੀ. ਤੇ ਸੀਨੀਅਰ ਭਾਜਪਾ ਆਗੂ ਅਮਰੀਕ ਸਿੰਘ ਆਲੀਵਾਲ ਨੇ ਸ਼ੇਰਪੁਰ ਕਲਾਂ ਦੀ ਰੇਲਵੇ ਕਾਲੋਨੀ ‘ਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਆਲੀਵਾਲ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਇਸ ਨਾਲ ਜਿੱਥੇ ਸਾਡਾ ਚੌਗਿਰਦਾ ਹਰਾ ਭਰਾ ਰਹਿੰਦਾ ਹੈ, ਉਥੇ ਹੀ ਅਸੀਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਾਂ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਹਰ ਮਨੁੱਖ ਨੂੰ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਰੁੱਖ ਲਗਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਅਸੀਂ ਰੁੱਖ ਲਗਾਉਣ ਵੱਲ ਧਿਆਨ ਨਾ ਦਿੱਤਾ ਤਾਂ ਇਸਦਾ ਖ਼ਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਸਕਦਾ ਹੈ। ਆਲੀਵਾਲ ਨੇ ਕਿਹਾ ਕਿ ਬੂਟੇ ਲਗਾਉਣ ਦੀ ਮੁਹਿੰਮ ਉਨ੍ਹਾਂ ਨੇ ਆਪਣੀ ਜੱਦੀ ਪਿੰਡ ਸ਼ੇਰਪੁਰ ਕਲਾਂ ਤੋਂ ਸ਼ੁਰੂ ਕੀਤੀ ਹੈ ਅਤੇ ਉਹ ਪੂਰੇ ਹਲਕਾ ਦੱਖਣੀ ਵਿਚ ਇਸੇ ਮੁਹਿੰਮ ਤਹਿਤ ਬੂਟੇ ਲਗਾਉਣਗੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਵਰਕਰਾਂ ਨੂੰ ਸੌਂਪੀ ਜਾਵੇਗੀ। ਇਸ ਮੌਕੇ ਸ਼ੇਰਪੁਰ ਸਰਕਲ ਪ੍ਰਧਾਨ ਰਿਤੇਸ਼ ਜੈਸਵਾਲ, ਵਾਰਡ ਨੰਬਰ 27 ਸ਼ੇਰਪੁਰ ਕਲਾਂ ਤੋਂ ਕੌਂਸਲਰ ਪਤੀ ਹੈਪੀ ਸ਼ੇਰਪੁਰੀਆ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਆਪਣੇ ਹੱਥੀ ਪੌਦੇ ਲਗਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਲਿਆ। ਇਸ ਮੌਕੇ ਰਮੇਸ਼ ਗਰਗ, ਓਮੀ ਮਿਸ਼ਰਾ, ਰਵਿੰਦਰ ਸਿੰਘ, ਦਲਜੀਤ ਸਿੰਘ, ਸੰਨੀ ਸਿੰਘ, ਸੁਰਿੰਦਰ ਵਰਮਾ, ਦੀਪਾ ਜਾਂਗੜਾ, ਰਾਜੂ ਭਗਤ, ਸੁਰਜੀਤ ਆਦਿ ਹਾਜ਼ਰ ਸਨ।