ਲੁਧਿਆਣਾ, 29 (ਜੁਲਾਈ ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੇ ਹਾਲ ਹੀ ਵਿਚ ਐਲਾਨੇ ਗਏ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਪਹਿਲੇ ਦੋ ਸਥਾਨ ਹਾਸਿਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਦੇ ਪੀ.ਜੀ.ਡੀ.ਸੀ.ਏ. ਕੋਰਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 90.7 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਾਕਸ਼ੀ ਮਿੱਤਲ ਨੇ 89.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਨੇ ਦੋਵਾਂ ਵਿਦਿਆਰਥਣਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕਾਲਜ ਦੇ ਵਾਈਸ ਪ੍ਰਿੰਸੀਪਲ ਸਰਿਤਾ ਖੁਰਾਣਾ ਅਤੇ ਸਮੂਹ ਸਟਾਫ਼ ਨੇ ਵੀ ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਵਿਦਿਆਰਥਣਾਂ ਨੂੰ ਦਿਲੋਂ ਵਧਾਈ ਦਿੱਤੀ।