ਗ੍ਰੀਨ ਐਨਕਲੇਵ ਹੈਬੋਵਾਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਲੁਧਿਆਣਾ, 19 ਅਗਸਤ (ਡਾ. ਤਰਲੋਚਨ ਸਿੰਘ)-ਗ੍ਰੀਨ ਐਨਕਲੇਵ ਹੈਬੋਵਾਲ ਵਲੋਂ ਪੂਜਾ ਬੇਦੀ, ਆਯੂਸ਼ੀ ਬਹਿਲ, ਸਾਨੀਆ ਜੈਨ ਦੀ ਅਗਵਾਈ ਵਿਚ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਲੁਧਿਆਣਾ, 19 ਅਗਸਤ (ਡਾ. ਤਰਲੋਚਨ ਸਿੰਘ)-ਗ੍ਰੀਨ ਐਨਕਲੇਵ ਹੈਬੋਵਾਲ ਵਲੋਂ ਪੂਜਾ ਬੇਦੀ, ਆਯੂਸ਼ੀ ਬਹਿਲ, ਸਾਨੀਆ ਜੈਨ ਦੀ ਅਗਵਾਈ ਵਿਚ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮੂਹ ਮੁਹੱਲਾ ਵਾਸੀ ਇਸ ਸਮਾਗਮ ਵਿਚ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪਹਿਰਾਵੇ ਅਤੇ ਹਾਰ-ਸ਼ਿੰਗਾਰ ਨਾਲ ਸ਼ਾਮਲ ਹੋਏ। ਸਾਰੇ ਮੈਂਬਰਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਗਿੱਧਾ, ਭੰਗੜਾ ਅਤੇ ਬੋਲੀਆਂ ’ਤੇ ਨੱਚ ਕੇ ਧਮਾਲ ਮਚਾਈ। ਸਮਾਗਮ ਦੌਰਾਨ ਮੈਂਬਰਾਂ ਲਈ ਤੰਬੋਲਾ, ਮਿਊਜ਼ੀਕਲ ਚੇਅਰ ਸਮੇਤ ਕਈ ਤਰਾਂ ਦੀਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਜਿੱਤਣ ਵਾਲੇ ਮੈਂਬਰਾਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਹਰਪ੍ਰੀਤ ਕੌਰ, ਵੰਦਨਾ ਮਲਿਕ, ਜੀਆ ਮਲਿਕ, ਅਨੀਤਾ ਗੋਇਲ, ਮੈਡਮ ਸ਼ਿਵ ਨੇ ਦੱਸਿਆ ਕਿ ਸਮਾਗਮ ਵਿਚ ਉਨ੍ਹਾਂ ਨੇ ਖੁੱਲ ਕੇ ਡਾਂਸ ਕੀਤਾ। ਉਨ੍ਹਾਂ ਕਿਹਾ ਕਿ ਤੀਆਂ ਵਰਗੇ ਤਿਉਹਾਰਾਂ ਕਾਰਨ ਹੀ ਪੰਜਾਬ ਦਾ ਸਭਿਆਚਾਰ ਅਮੀਰ ਹੈ। ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਪੰਜਾਬੀ ਮੁਟਿਆਰ ਜਦੋਂ ਸਾਉਣ ਦੇ ਮਹੀਨੇ ਵਿਚ ਆਪਣੇ ਪੇਕੇ ਘਰ ਆਉਂਦੀ ਹੈ ਤਾਂ ਉਹ ਆਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਪੀਂਘ ਝੂਟਦੇ ਹੋਏ ਤੇ ਨੱਚਦੇ-ਗਾਉਂਦੇ ਹੋਏ ਤੀਆਂ ਮਨਾਉਂਦੀ ਹੈ। ਇਸ ਕਾਰਨ ਧੀਆਂ ਤੇ ਨੂੰਹਾਂ ਲਈ ਇਸ ਤਿਉਹਾਰ ਦਾ ਖ਼ਾਸ ਮਹੱਤਵ ਹੈ। ਇਸ ਤਰਾਂ ਦੇ ਤਿਉਹਾਰ ਮਨਾ ਕੇ ਅਸੀਂ ਆਉਣ ਵਾਲੀ ਪੀੜੀ ਨੂੰ ਪੰਜਾਬੀ ਸਭਿਆਚਾਰ ਤੋਂ ਜਾਣੂ ਕਰਵਾ ਸਕਦੇ ਹਾਂ। ਬੱਚਿਆਂ ਨੇ ਵੀ ਇਨ੍ਹਾਂ ਜਸ਼ਨਾਂ ਵਿਚ ਪੂਰੇ ਉਤਸ਼ਾਹ ਅਤੇ ਸਰਗਰਮੀ ਨਾਲ ਹਿੱਸਾ ਲਿਆ।