ਸਾਈਬਰ ਧੋਖਾਧੜੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਭਾਮੀਆਂ ਕਲਾਂ/ਲੁਧਿਆਣਾ, 20 ਅਗਸਤ (ਜਤਿੰਦਰ ਭੰਬੀ)-ਸਾਈਬਰ ਧੋਖਾਧੜੀ ਅਤੇ ਡਿਜੀਟਲ ਵਿੱਤੀ ਧੋਖਾਧੜੀ ਦੇ ਵੱਧ ਰਹੇ ਖ਼ਤਰੇ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪਿੰਡ ਮੱਤੇਵਾੜਾ ਵਿਖੇ ਆਰ. ਬੀ.
ਭਾਮੀਆਂ ਕਲਾਂ/ਲੁਧਿਆਣਾ, 20 ਅਗਸਤ (ਜਤਿੰਦਰ ਭੰਬੀ)-ਸਾਈਬਰ ਧੋਖਾਧੜੀ ਅਤੇ ਡਿਜੀਟਲ ਵਿੱਤੀ ਧੋਖਾਧੜੀ ਦੇ ਵੱਧ ਰਹੇ ਖ਼ਤਰੇ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪਿੰਡ ਮੱਤੇਵਾੜਾ ਵਿਖੇ ਆਰ.ਬੀ.ਆਈ. ਈ-ਬਾਤ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ 100 ਤੋਂ ਵੱਧ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਪ੍ਰਤੀਨਿਧੀ ਅਰੁਣ ਜਿੰਦਲ ਅਤੇ ਮਨੀਸ਼ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਗੁਰਦੀਪ ਸਿੰਘ ਕੰਗ ਲੀਡ ਜ਼ਿਲ੍ਹਾ ਮੈਨੇਜਰ ਅਤੇ ਸੀ.ਐਫ.ਐਲ. ਟੀਮ ਵੀ ਮੌਜੂਦ ਰਹੀ। ਸੈਸ਼ਨ ਦੌਰਾਨ ਭਾਗੀਦਾਰਾਂ ਨੂੰ ਆਨਲਾਈਨ ਵਿੱਤੀ ਧੋਖਾਧੜੀ, ਸੋਸ਼ਲ ਮੀਡੀਆ ਧੋਖਾਧੜੀ ਅਤੇ ‘ਡਿਜੀਟਲ ਗ੍ਰਿਫ਼ਤਾਰੀ’ ਵਰਗੇ ਉਭਰ ਰਹੇ ਸਾਈਬਰ ਘੁਟਾਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਧੋਖਾਧੜੀ ਕਰਨ ਵਾਲੇ ਅਕਸਰ ਪੁਲਿਸ, ਸਰਕਾਰੀ ਵਿਭਾਗਾਂ ਜਾਂ ਹੋਰ ਅਧਿਕਾਰੀਆਂ ਦਾ ਰੂਪ ਧਾਰ ਕੇ ਲੋਕਾਂ ਵਿਚ ਡਰ ਅਤੇ ਦਬਾਅ ਪੈਦਾ ਕਰਦੇ ਹਨ ਅਤੇ ਪੈਸੇ ਜਾਂ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਡੀ.ਆਈ.ਸੀ.ਜੀ.ਸੀ. ਅਧੀਨ ਜਮਾਂ ਬੀਮੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਡਿਜੀਟਲ ਬੈਂਕਿੰਗ, ਮੋਬਾਈਲ ਐਪਲੀਕੇਸ਼ਨਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਣਜਾਣ ਜਾਂ ਸ਼ੱਕੀ ਲਿੰਕਾਂ ’ਤੇ ਕਲਿੱਕ ਨਾ ਕੀਤਾ ਜਾਵੇ ਅਤੇ ਓ.ਟੀ.ਪੀ, ਪਿੰਨ, ਸੀ.ਵੀ.ਵੀ. ਪਾਸਵਰਡ ਜਾਂ ਹੋਰ ਗੁਪਤ ਬੈਂਕਿੰਗ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ। ਸਾਈਬਰ ਵਿੱਤੀ ਧੋਖਾਧੜੀ ਹੋਣ ਦੀ ਸਥਿਤੀ ਵਿਚ ਤੁਰੰਤ ਰਾਸ਼ਟਰੀ ਸਾਈਬਰ ਅਪਰਾਧ ਹੈਲਪ ਲਾਈਨ ਨੰਬਰ 1930 ’ਤੇ ਰਿਪੋਰਟ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੁਰਦੀਪ ਸਿੰਘ ਕੰਗ ਐਲ.ਡੀ.ਐਮ. ਲੁਧਿਆਣਾ ਨੇ ਕਿਹਾ ਕਿ ਡਿਜੀਟਲ ਬੈਂਕਿੰਗ ਅਤੇ ਆਨਲਾਈਨ ਸੇਵਾਵਾਂ ਦੀ ਵੱਧ ਰਹੀ ਵਰਤੋਂ ਦੇ ਮੱਦੇਨਜ਼ਰ ਹਰ ਨਾਗਰਿਕ ਲਈ ਸਾਵਧਾਨ ਅਤੇ ਜਾਗਰੂਕ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਚੌਕਸੀ ਸਾਈਬਰ ਧੋਖਾਧੜੀ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਹਨ।