ਕੇਂਦਰ ਅਤੇ ਸੂਬਾ ਸਰਕਾਰ ਨੇ ਜਨਤਾ ਨੂੰ ਲੁੱਟਣ ਲਈ ਵੱਡੇ ਵਪਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ-ਰਾਜੇਸ਼ਇੰਦਰ ਸਿੱਧੂ
ਜਗਰਾਉਂ, 22 ਅਗਸਤ (ਗੁਰਦੀਪ ਸਿੰਘ ਮਲਕ)-ਪੰਜਾਬ ਕਾਂਗਰਸ ਐੱਸ. ਸੀ.
ਜਗਰਾਉਂ, 22 ਅਗਸਤ (ਗੁਰਦੀਪ ਸਿੰਘ ਮਲਕ)-ਪੰਜਾਬ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਰਾਜੇਸਇੰਦਰ ਸਿੰਘ ਸਿੱਧੂ ਨੇ ਖੰਡ, ਗੁੜ, ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਭਾਰੀ ਵਾਧੇ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਮ ਜਨਤਾਂ ਨੂੰ ਲੁੱਟਣ ਦੀ ਵੱਡੇ ਵਪਾਰੀ ਘਰਾਣਿਆਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਹੈ। ਜਿਸ ਨਾਲ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਘਰੇਲੂ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਖੰਡ ਦੀ ਕੀਮਤ ਵਿੱਚ ਇਕ ਦਮ 25 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ, ਇਸਤੋਂ ਇਲਾਵਾ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੇ ਵਾਧੇ ਨੇ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿ ਆਮ ਆਦਮੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਹੈ, ਪਰ ਸਰਕਾਰ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਮੂਕ ਦਰਸ਼ਕ ਬਣਕੇ ਤੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਵਿੱਚ ਗਰੀਬ ਵਰਗ ਆਪਣਾ ਘਰ ਦਾ ਗੁਜਾਰਾ ਕਿਸ ਤਰ੍ਹਾਂ ਕਰੇਗਾ, ਇਹ ਇੱਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਖੰਡ, ਤੇਲ ਅਤੇ ਹੋਰ ਜਰੂਰੀ ਵਸਤੂਆਂ ਵਿੱਚ ਆਮ ਤੌਰ ’ਤੇ ਇਕ ਦੋ ਰੁਪਏ ਦਾ ਵਾਧਾ ਹੁੰਦਾ ਸੀ, ਪਰ ਹੁਣ ਤਾਂ ਕੀਮਤਾਂ ਬੇਕਾਬੂ ਹੋ ਗਈਆਂ ਹਨ ਅਤੇ ਖਾਣ ਪੀਣ ਦੀ ਵਰਤੋਂ ਵਿੱਚ ਆਉਣ ਵਾਲੀ ਵਸਤੂ ਦੇ ਭਾਅ ਇਕਦਮ ਵਧਾ ਦਿੱਤੇ ਗਏ ਹਨ। ਰਾਜੇਸਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਮਹਿੰਗਾਈ ਨੂੰ ਨਹੀਂ ਰੋਕ ਸਕਦੀ ਤਾਂ ਉਸਨੂੰ ਤੁਰੰਤ ਪ੍ਰਧਾਨ ਮੰਤਰੀ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖੰਡ, ਤੇਲ ਆਦਿ ਵਸਤੂਆਂ ਦੇ ਵਾਧੇ ਨੂੰ ਸਰਕਾਰ ਨੇ ਵਾਪਿਸ ਨਾ ਲਿਆ ਅਤੇ ਗਰੀਬ ਵਰਗ ਨੂੰ ਤੁਰੰਤ ਕੋਈ ਵੱਡੀ ਰਾਹਤ ਨਾ ਦਿੱਤੀ ਤਾਂ ਸੂਬਾ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਜਲਦੀ ਕੋਈ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋ ਜਾਵੇਗਾ।