ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਮਾਡਲ ਟਾਊਨ ਐਕਸਟੈਨਸ਼ਨ ਸੜਕ ’ਤੇ ਬਣਿਆ ਵੱਡਾ ਡੂੰਘਾ ਖੱਡਾ
ਲੁਧਿਆਣਾ, 30 ਅਗਸਤ (ਭੁਪਿੰਦਰ ਸਿੰਘ ਬੈਂਸ)-ਮਾਡਲ ਟਾਊਨ ਐਕਸਟੈਨਸ਼ਨ ਵਿਚ ਨਿਊ ਕ੍ਰਿਸ਼ਨਾ ਮੰਦਰ ਦੇ ਨਾਲ ਆਰ. ਯੂ.
ਲੁਧਿਆਣਾ, 30 ਅਗਸਤ (ਭੁਪਿੰਦਰ ਸਿੰਘ ਬੈਂਸ)-ਮਾਡਲ ਟਾਊਨ ਐਕਸਟੈਨਸ਼ਨ ਵਿਚ ਨਿਊ ਕ੍ਰਿਸ਼ਨਾ ਮੰਦਰ ਦੇ ਨਾਲ ਆਰ.ਯੂ.ਬੀ. ਤੋਂ ਸਿਧਵਾਂ ਨਹਿਰ ਵੱਲ ਜਾਂਦੀ ਅਤੇ ਪੱਖੋਵਾਲ ਰੋਡ ਨੂੰ ਜੋੜਦੀ ਸੜਕ ‘ਤੇ ਬਣਿਆ ਵੱਡਾ ਡੂੰਘਾ ਖੱਡਾ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਇਸ ਸੜਕ ’ਤੇ ਦਿਨ ਭਰ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਮਾਡਲ ਟਾਊਨ, ਦੁੱਗਰੀ, ਮਾਡਲ ਟਾਊਨ ਐਕਸਟੈਨਸ਼ਨ ਸਮੇਤ ਹੋਰ ਇਲਾਕਿਆਂ ਤੋਂ ਆਉਣ ਜਾਣ ਵਾਲੇ ਲੋਕ ਵੱਡੀ ਗਿਣਤੀ ਵਿਚ ਇਸ ਰਸਤੇ ਦੀ ਵਰਤੋਂ ਕਰਦੇ ਹਨ। ਬੀਤੇ ਦਿਨ ਇਸ ਥਾਂ ’ਤੇ ਇਕ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਇਲਾਕਾ ਨਿਵਾਸੀਆਂ ਅਨੁਸਾਰ ਇਹ ਸਮੱਸਿਆ ਬਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਪੱਕਾ ਹੱਲ ਨਹੀਂ ਕੀਤਾ ਗਿਆ। ਕਈ ਵਾਰ ਖੱਡੇ ਵਿਚ ਮਿੱਟੀ ਪਾਕੇ ਜਾ ਘਟੀਆ ਪੈਚ ਵਰਕ ਕਰਕੇ ਖਾਨਾਪੂਰਤੀ ਕੀਤੀ ਜਾਂਦੀ ਹੈ, ਜੋ ਮੀਂਹ ਪੈਂਦਿਆਂ ਹੀ ਵਹਿ ਜਾਂਦੀ ਹੈ ਅਤੇ ਖੱਡਾ ਮੁੜ ਪਹਿਲਾ ਨਾਲੋਂ ਵੀ ਵੱਧ ਖ਼ਤਰਨਾਕ ਹੋ ਜਾਂਦਾ ਹੈ। ਵਾਹਨ ਚਾਲਕਾਂ ਦੀ ਮੁਸ਼ਕਿਲ ਇਹ ਵੀ ਹੈ ਕਿ ਜੇ ਖੱਡੇ ਤੋਂ ਬਚਣ ਲਈ ਗ਼ਲਤ ਪਾਸੇ ਜਾਣ ਤਾਂ ਚਲਾਨ ਦਾ ਡਰ ਅਤੇ ਸਹੀ ਪਾਸੇ ਚੱਲਣ ‘ਤੇ ਵਾਹਨ ਨੁਕਸਾਨੇ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਮੌਕੇ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਕੇ ਮਿਆਰੀ ਸਮਗਰੀ ਨਾਲ ਖੱਡੇ ਦੀ ਪੱਕੀ ਮੁਰੰਮਤ ਕਰਵਾਈ ਜਾਵੇ।